ਹਲਕਾਏ ਕੁੱਤੇ ਨੇ ਮੱਝ ਨੂੰ ਵੱਢਿਆ ! ਮਗਰੋਂ ਦੁੱਧ ਦਾ ਬਣਿਆ ਰਾਇਤਾ ਖਾ ਕੇ ਅੱਧਾ ਪਿੰਡ ਹਸਪਤਾਲ 'ਦਾਖਲ'

Monday, Dec 29, 2025 - 02:54 PM (IST)

ਹਲਕਾਏ ਕੁੱਤੇ ਨੇ ਮੱਝ ਨੂੰ ਵੱਢਿਆ ! ਮਗਰੋਂ ਦੁੱਧ ਦਾ ਬਣਿਆ ਰਾਇਤਾ ਖਾ ਕੇ ਅੱਧਾ ਪਿੰਡ ਹਸਪਤਾਲ 'ਦਾਖਲ'

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਪਿੰਡ ਪਿਪਰੌਲ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 'ਤੇਰ੍ਹਵੀਂ' ਸਮਾਗਮ ਵਿੱਚ ਸ਼ਾਮਲ ਹੋਏ ਸੈਂਕੜੇ ਲੋਕਾਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਖਾਣੇ 'ਚ ਵਰਤਾਏ ਗਏ ਰਾਇਤੇ 'ਚ ਜਿਹੜਾ ਦੁੱਧ ਵਰਤਿਆ ਸੀ, ਉਸ ਮੱਝ ਨੂੰ ਪਾਗਲ ਕੁੱਤੇ ਨੇ ਕੱਟਿਆ ਸੀ, ਜਿਸ ਤੋਂ ਬਾਅਦ ਵਿੱਚ ਉਸ ਮੱਝ ਦੀ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪੂਰੇ ਪਿੰਡ ਵਿੱਚ ਰੈਬੀਜ਼ ਫੈਲਣ ਦੇ ਡਰੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

23 ਦਸੰਬਰ ਨੂੰ ਹੋਈ ਸੀ ਸਮਾਗਮ 
ਜਾਣਕਾਰੀ ਅਨੁਸਾਰ ਪਿੰਡ ਪਿਪਰੌਲ ਵਿੱਚ 23 ਦਸੰਬਰ ਨੂੰ ਤੇਰ੍ਹਵੀਂ ਦਾ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਦੂਰ-ਦੁਰਾਡੇ ਤੋਂ ਆਏ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਸੀ। ਖਾਣੇ 'ਚ ਪਰੋਸਿਆ ਗਿਆ ਰਾਇਤਾ ਕਈ ਮੱਝਾਂ ਦੇ ਦੁੱਧ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਉਸ ਮੱਝ ਦਾ ਦੁੱਧ ਵੀ ਸ਼ਾਮਲ ਸੀ ਜਿਸ ਨੂੰ ਕੁਝ ਦਿਨ ਪਹਿਲਾਂ ਇੱਕ ਕੁੱਤੇ ਨੇ ਕੱਟ ਲਿਆ ਸੀ।

ਮੱਝ ਦੀ ਮੌਤ ਤੋਂ ਬਾਅਦ ਮਚੀ ਅਫਰਾ-ਤਫਰੀ 
ਦੱਸਿਆ ਜਾ ਰਿਹਾ ਹੈ ਕਿ ਜਿਸ ਮੱਝ ਨੂੰ ਕੁੱਤੇ ਨੇ ਕੱਟਿਆ ਸੀ, ਉਸ ਦੀ 26 ਦਸੰਬਰ ਨੂੰ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ ਲੋਕਾਂ ਤੱਕ ਪਹੁੰਚੀ, ਤਾਂ ਰਾਇਤੇ ਦੇ ਸੇਵਨ ਕਰਨ ਵਾਲੇ ਲੋਕਾਂ ਦੇ ਹੋਸ਼ ਉੱਡ ਗਏ। ਰੈਬੀਜ਼ ਦੇ ਡਰੋਂ ਪਿੰਡ ਦੇ 150 ਤੋਂ ਵੱਧ ਲੋਕ ਤੁਰੰਤ ਉਝਾਨੀ ਦੇ ਸਿਹਤ ਕੇਂਦਰ ਅਤੇ ਨਿੱਜੀ ਹਸਪਤਾਲਾਂ ਵਿੱਚ ਵੈਕਸੀਨ ਲਗਵਾਉਣ ਲਈ ਪਹੁੰਚ ਗਏ। ਬਾਹਰੋਂ ਆਏ ਰਿਸ਼ਤੇਦਾਰਾਂ ਸਮੇਤ ਹੁਣ ਤੱਕ ਲਗਭਗ 250 ਲੋਕਾਂ ਵੱਲੋਂ ਵੈਕਸੀਨ ਲਗਵਾਉਣ ਦਾ ਅਨੁਮਾਨ ਹੈ।

ਸਿਹਤ ਵਿਭਾਗ ਨੇ ਲੋਕਾਂ ਨੂੰ ਦਿੱਤੀ ਰਾਹਤ
ਟੀਕਾਕਰਨ ਕਰਵਾਉਣ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਭੋਜ ਵਿੱਚ ਸੈਂਕੜੇ ਲੋਕਾਂ ਨੇ ਰਾਇਤੇ ਦਾ ਸੇਵਨ ਕੀਤਾ ਸੀ, ਜਿਸ ਕਾਰਨ ਸਾਰੇ ਬੇਹੱਦ ਡਰੇ ਹੋਏ ਸਨ। ਹਾਲਾਂਕਿ, ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਹੈ ਕਿ ਸਾਵਧਾਨੀ ਵਜੋਂ ਵੈਕਸੀਨ ਲਗਵਾਉਣਾ ਬਿਲਕੁਲ ਸਹੀ ਕਦਮ ਹੈ। ਵਿਭਾਗ ਨੇ ਸਾਰੇ ਲੋਕਾਂ ਨੂੰ ਵੈਕਸੀਨ ਦੀ ਪੂਰੀ ਡੋਜ਼ ਸਮੇਂ ਸਿਰ ਲੈਣ ਦੀ ਸਲਾਹ ਦਿੱਤੀ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News