ਇਟਲੀ : ਮਿਡਲ ਸਕੂਲ ਦੀ ਚੋਣ ਜਿੱਤ ਕੇ ਰਣਬੀਰ ਸਿੰਘ ਬਣਿਆ ਸਕੂਲ ਦਾ ''ਸਿੰਦਾਕੋ''
Friday, Dec 26, 2025 - 07:31 PM (IST)
ਪੋਰਦੇਨੋਨੇ (ਕੈਂਥ) : ਇਟਲੀ 'ਚ ਭਾਰਤੀ ਪੰਜਾਬੀ ਭਾਈਚਾਰੇ ਦੇ ਬੱਚੇ ਜਿੱਥੇ ਆਏ ਦਿਨ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਮੱਲਾਂ ਮਾਰ ਰਹੇ ਹਨ। ਉੱਥੇ ਹੀ ਸਤਿਕਾਰਤ ਨੌਕਰੀਆਂ ਪ੍ਰਾਪਤ ਕਰਕੇ ਵੀ ਭਾਈਚਾਰੇ ਦਾ ਮਾਣ ਵਧਾ ਰਹੇ ਹਨ। ਪਸੀਆਨੋ ਦੀ ਪੋਰਦੇਨੋਨੇ ਵਿਖੇ ਪਰਿਵਾਰ ਸਮੇਤ ਰਹਿ ਰਹੇ ਤਰਲੋਕ ਸਿੰਘ ਵੱਲੋਂ ਪ੍ਰੈੱਸ ਨਾਲ ਇੱਕ ਦਿਲਚਸਪ ਤੇ ਰੌਚਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹ ਪਿਛਲੇ ਤਕਰੀਬਨ 25 ਸਾਲਾਂ ਤੋਂ ਇਟਲੀ ਵਿੱਚ ਰਹਿ ਰਹੇ ਹਨ ਤੇ ਉਨ੍ਹਾਂ ਦਾ ਬੇਟਾ ਰਣਬੀਰ ਸਿੰਘ ਕਾਰਡੀਨਾਲ ਚੈਲਸੋ ਕੋਸਤਾਨਤੀਨੀ ਮਿਡਲ ਸਕੂਲ ਪਸੀਆਨੋ ਦੀ ਪੋਰਦੇਨੋਨੇ ਦਾ ਸਤਵੀਂ ਜਮਾਤ ਦਾ ਵਿਦਿਆਰਥੀ ਹੈ। ਬੀਤੇ ਦਿਨ ਸਕੂਲ ਦੇ ਸਿੰਦਾਕੋ (ਪ੍ਰਧਾਨ) ਦੀ ਚੋਣ ਕੀਤੀ ਗਈ, ਜਿਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਉਨ੍ਹਾਂ ਦਾ ਬੇਟਾ ਪ੍ਰਧਾਨ ਬਣਿਆ।
ਉਸ ਤੋਂ ਇਲਾਵਾ ਇੱਕ ਇਟਾਲੀਅਨ ਵਿਦਿਆਰਥੀਆਂ ਲੜਕੀ ਉਪ ਪ੍ਰਧਾਨ ਅਤੇ ਹੋਰ ਦਸ ਮੈਂਬਰਾਂ ਦੀ ਟੀਮ ਨੂੰ ਦੋ ਸਾਲ ਲਈ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਿਯੁਕਤੀ ਵੇਲੇ ਸ਼ਹਿਰ ਦੀ ਮੇਅਰ ਤੋਂ ਇਲਾਵਾ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵੱਲੋਂ ਰਣਬੀਰ ਸਿੰਘ ਨੂੰ ਮੇਅਰ ਵੱਲੋਂ ਇਟਲੀ ਦੇ ਝੰਡੇ ਦੇ ਤਿੰਨ ਰੰਗਾਂ ਤੋਂ ਬਣਿਆ ਹੋਇਆ ਕੱਪੜਾ (ਲਾ ਫਾਸ਼ਾ ਤ੍ਰੀਕੋਲੋਰੇ) ਪਹਿਨਾਇਆ ਗਿਆ।
ਤਰਲੋਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਦੇ ਪਿੰਡ ਰਾਏ ਚੱਕ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਰਣਬੀਰ ਨੂੰ ਸਿਆਸਤ ਦੀ ਗੁੜ੍ਹਤੀ ਵਿਰਾਸਤ ਵਿੱਚ ਹੀ ਮਿਲੀ ਹੈ। ਪਿਛਲੇ 25 ਸਾਲਾਂ ਤੋਂ ਉਨ੍ਹਾਂ ਦੇ ਪੰਜਾਬ ਵਿਚਲੇ ਪਿੰਡ ਦੀ ਸਰਪੰਚੀ ਵੀ ਉਨ੍ਹਾਂ ਦੇ ਪਰਿਵਾਰ ਕੋਲ ਹੀ ਹੈ। ਪਿਤਾ ਤਰਲੋਕ ਸਿੰਘ ਅਤੇ ਮਾਤਾ ਰਾਜਬੀਰ ਕੌਰ ਬੇਟੇ ਦੀ ਇਸ ਪ੍ਰਾਪਤੀ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਨ੍ਹੀਂ ਦਿਨੀਂ ਉਨ੍ਹਾਂ ਨੂੰ ਸਕੇ ਸਬੰਧੀਆਂ ਅਤੇ ਦੋਸਤਾਂ ਸਨੇਹੀਆਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
