ਪਿੰਡਾਂ, ਸ਼ਹਿਰਾਂ ''ਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ''ਚ ਭਾਰੀ ਅੰਤਰ

Sunday, Feb 25, 2018 - 05:28 PM (IST)

ਨਵੀਂ ਦਿੱਲੀ— ਦੇਸ਼ ਦੇ ਸ਼ਹਿਰੀ ਇਲਾਕਿਆਂ ਦੀ ਤੁਲਨਾ 'ਚ ਪਿੰਡਾਂ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਮਾਹਰਾਂ ਨੇ ਇਸ ਵੱਡੇ ਅੰਤਰ (ਡਿਜੀਟਲ ਡਿਵਾਈਡ) 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਕ ਤਾਜ਼ਾ ਅਧਿਐਨ ਅਨੁਸਾਰ ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੀ ਜਨਸੰਖਿਆ 'ਚ ਤਿੰਨ ਗੁਣਾ ਤੱਕ ਦਾ ਅੰਤਰ ਹੈ। ਸ਼ਹਿਰਾਂ 'ਚ 100 'ਚੋਂ ਜਿੱਥੇ 60 ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਉੱਥੇ ਹੀ ਪੇਂਡੂ ਇਲਾਕਿਆਂ 'ਚ ਇਹ ਸੰਖਿਆ ਸਿਰਫ 20 ਹੈ। ਕੇਂਟਰ-ਆਈ.ਐੱਮ.ਆਰ.ਬੀ. ਦੇ ਤਾਜ਼ਾ ਅਧਿਐਨ ਅਨੁਸਾਰ ਸ਼ਹਿਰੀ ਇਲਾਕਿਆਂ 'ਚ ਇੰਟਰਨੈੱਟ ਘਣਤਾ ਦਸੰਬਰ 2017 'ਚ ਵਧ ਕੇ 64.84 ਫੀਸਦੀ ਹੋ ਗਿਆ, ਜੋ ਕਿ ਇਕ ਸਾਲ ਪਹਿਲਾਂ 60.6 ਫੀਸਦੀ ਸੀ। ਇਸ ਦੀ ਤੁਲਨਾ 'ਚ ਪੇਂਡੂ ਇਲਾਕਿਆਂ 'ਚ ਦਸੰਬਰ 2017 'ਚ ਇਹ ਘਣਤਾ ਸਿਰਫ 20.26 ਫੀਸਦੀ ਰਿਹਾ। ਰਿਪੋਰਟ 'ਚ ਅਪੀਲ ਕੀਤੀ ਗਈ ਹੈ ਕਿ ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੀ ਕੁੱਲ ਆਬਾਦੀ 'ਚ ਅੰਤਰ ਨੂੰ ਦੇਖਦੇ ਹੋਏ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦਾ ਅੰਤਰ ਬਹੁਤ ਮਹੱਤਵਪੂਰਨ ਹੈ।
ਇਸ ਦੇ ਅਨੁਸਾਰ ਇਹ ਡਿਜੀਟਲ ਡਿਵਾਈਡ ਕਾਫੀ ਵੱਡਾ ਹੈ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਇੰਟਰਨੈੱਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ (ਆਈ.ਏ.ਐੱਮ.ਏ.ਆਈ.) ਦੇ ਚੇਅਰਮੈਨ ਸੁਭੋ ਰਾਏ ਨੇ ਹਾਲਾਂਕਿ ਕਿਹਾ ਕਿ ਇਸ ਨੂੰ (ਡਿਜੀਟਲ ਡਿਵਾਈਡ) ਲੈ ਕੇ ਚਿੰਤਤ ਨਹੀਂ ਹੋਣਾ ਚਾਹੀਦਾ ਪਰ ਇਸ ਦੀ ਅਣਦੇਖੀ ਵੀ ਨਹੀਂ ਕੀਤੀ ਜਾ ਸਕਦੀ। ਰਾਏ ਅਨੁਸਾਰ ਪੇਂਡੂ ਇਲਾਕਿਆਂ 'ਚ ਵੀ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ 'ਚ ਅੰਤਰ ਹੈ। ਔਰਤਾਂ ਅਤੇ ਆਰਥਿਕ ਤੌਰ 'ਤੇ ਗਰੀਬ ਤਬਕਿਆਂ ਦੀ ਇੰਟਰਨੈੱਟ ਤੱਕ ਪਹੁੰਚ ਬਹੁਤ ਘੱਟ ਹੈ। ਕੇਂਟਰ-ਆਈ.ਐੱਮ.ਆਰ.ਬੀ. ਦੇ ਕਾਰਜਕਾਰੀ ਡਿਪਟੀ ਚੇਅਰਮੈਨ ਵਿਸ਼ਵਪ੍ਰਿਯ ਭੱਟਾਚਾਰੀਆ ਅਨੁਸਾਰ ਹਾਲ ਹੀ ਦੇ ਸਾਲਾਂ 'ਚ ਪੇਂਡੂ ਇਲਾਕਿਆਂ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। 2017 'ਚ ਹੀ ਇਸ 'ਚ 14.11 ਫੀਸਦੀ ਵਾਧਾ ਹੋਇਆ ਅਤੇ ਕੁੱਲ ਯੂਜ਼ਰਸ ਦੀ ਗਿਣਤੀ ਲਗਭਗ 18.6 ਕਰੋੜ ਹੋ ਗਈ ਪਰ ਇਸ ਤੇਜ਼ ਵਾਧੇ ਕਾਰਨ ਪਿਛਲਾ ਤੁਲਨਾਤਮਕ ਪੱਧਰ ਕਾਫੀ ਘੱਟ ਰਹਿਣਾ ਹੈ ਅਤੇ ਪੇਂਡੂ ਭਾਰਤ 'ਚ ਇਸ ਲਿਹਾਜ ਨਾਲ ਹਾਲਾਤ ਅਜੇ ਜ਼ਿਆਦਾ ਚੰਗੇ ਨਹੀਂ ਹਨ। ਦੇਸ਼ 'ਚ ਇੰਟਰਨੈੱਟ ਯੂਜ਼ਰਸ ਦੀ ਕੁੱਲ ਗਿਣਤੀ ਜੂਨ 2018 ਤੱਕ ਵਧ ਕੇ 50 ਕਰੋੜ ਤੱਕ ਪੁੱਜਣ ਦਾ ਅਨੁਮਾਨ ਹੈ। ਦਸੰਬਰ 2017 'ਚ ਇਹ 11.34 ਫੀਸਦੀ ਵਧ ਕੇ 48.1 ਕਰੋੜ ਤੱਕ ਪੁੱਜ ਗਈ।


Related News