ਬੱਚੇ ਨੂੰ ਜਨਮ ਦੇਣ ਦੇ 3 ਘੰਟਿਆਂ ਬਾਅਦ ਪ੍ਰੀਖਿਆ ਦੇਣ ਪਹੁੰਚੀ ਮਾਂ, ਬਣਿਆ ਚਰਚਾ ਦਾ ਵਿਸ਼ਾ
Saturday, Feb 18, 2023 - 11:11 AM (IST)
ਬਾਂਕਾ (ਭਾਸ਼ਾ)- ਬਿਹਾਰ ਦੇ ਬਾਂਕਾ ਜ਼ਿਲ੍ਹੇ 'ਚ ਇਕ ਔਰਤ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਦੇ ਕੁਝ ਘੰਟਿਆਂ ਬਾਅਦ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇਣ ਲਈ ਐਂਬੂਲੈਂਸ ਰਾਹੀਂ ਪ੍ਰੀਖਿਆ ਕੇਂਦਰ ਪਹੁੰਚੀ। ਬਾਂਕਾ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਰੁਕਮਣੀ ਕੁਮਾਰੀ (22) ਬੁੱਧਵਾਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਉਸ ਨੇ ਸਵੇਰੇ ਬੱਚੇ ਨੂੰ ਜਨਮ ਦਿੱਤਾ ਅਤੇ ਤਿੰਨ ਘੰਟਿਆਂ ਬਾਅਦ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਪ੍ਰੀਖਿਆ ਕੇਂਦਰ ਪਹੁੰਚ ਗਈ। ਰੁਕਮਣੀ ਨੇ ਡਾਕਟਰ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤਯਾਬੀ ਦੀ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਐਂਬੂਲੈਂਸ 'ਚ ਸਵਾਰ ਹੋ ਕੇ ਪ੍ਰੀਖਿਆ ਦੇਣ ਲਈ ਪ੍ਰੀਖਿਆ ਕੇਂਦਰ ਪਹੁੰਚੀ। ਬਾਂਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ,''ਇਸ ਤੋਂ ਸਾਬਿਤ ਹੁੰਦਾ ਹੈ ਕਿ ਔਰਤਾਂ ਦੀ ਸਿੱਖਿਆ 'ਤੇ ਸਰਕਾਰ ਦੇ ਜ਼ੋਰ ਨੂੰ ਹੁਲਾਰਾ ਮਿਲਿਆ ਹੈ। ਅਨੁਸੂਚਿਤ ਜਾਤੀ ਨਾਲ ਸਬੰਧਤ ਰੁਕਮਣੀ ਸਾਰਿਆਂ ਲਈ ਪ੍ਰੇਰਨਾ ਬਣ ਗਈ ਹੈ।''
ਇਹ ਵੀ ਪੜ੍ਹੋ : 'ਪਾਰਵਤੀ' ਨੇ ਬਚਾਈ ਪਤੀ 'ਸ਼ਿਵ' ਦੀ ਜਾਨ, ਬਲੱਡ ਗਰੁੱਪ ਨਾ ਮਿਲਣ ਤੋਂ ਬਾਅਦ ਵੀ ਕੀਤਾ ਅੰਗਦਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੁਕਮਣੀ ਨੇ ਕਿਹਾ,''ਮੰਗਲਵਾਰ ਤੋਂ ਮੈਨੂੰ ਕੁਝ ਪਰੇਸ਼ਾਨੀ ਹੋ ਰਹੀ ਸੀ ਜਦੋਂ ਮੈਂ ਗਣਿਤ ਦੀ ਪ੍ਰੀਖਿਆ ਦਿੱਤੀ ਪਰ ਪੇਪਰ ਵਧੀਆ ਗਿਆ ਸੀ। ਮੈਂ ਵਿਗਿਆਨ ਬਾਰੇ ਉਤਸ਼ਾਹਿਤ ਸੀ ਜਿਸ ਦੀ ਪ੍ਰੀਖਿਆ ਅਗਲੇ ਦਿਨ ਹੋਣ ਵਾਲੀ ਸੀ ਪਰ ਮੈਨੂੰ ਦੇਰ ਰਾਤ ਹਸਪਤਾਲ ਜਾਣਾ ਪਿਆ। ਸਵੇਰੇ 6 ਵਜੇ ਮੈਂ ਇਕ ਬੱਚੇ ਨੂੰ ਜਨਮ ਦਿੱਤਾ।" ਹਸਪਤਾਲ 'ਚ ਔਰਤ ਦਾ ਇਲਾਜ ਕਰ ਰਹੇ ਡਾਕਟਰ ਭੋਲਾ ਨਾਥ ਦੇ ਅਨੁਸਾਰ,"ਸ਼ੁਰੂਆਤ 'ਚ ਅਸੀਂ ਰੁਕਮਣੀ ਨੂੰ ਟੈਸਟ ਨਾ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਣੇਪੇ ਦੀਆਂ ਮੁਸ਼ਕਲਾਂ ਨੇ ਉਸ ਦੀ ਸਿਹਤ 'ਤੇ ਅਸਰ ਪਾਇਆ ਸੀ ਪਰ ਉਹ ਅੜੀ ਰਹੀ। ਇਸ ਲਈ, ਅਸੀਂ ਇਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਉਸ ਦੀ ਸਹਾਇਤਾ ਲਈ ਕੁਝ ਪੈਰਾ-ਮੈਡੀਕਲ ਕਰਮਚਾਰੀਆਂ ਨੂੰ ਤਾਇਨਾਤ ਕੀਤਾ।” ਰੁਕਮਣੀ ਨੇ ਕਿਹਾ,“ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ ਚੰਗੀ ਤਰ੍ਹਾਂ ਪੜ੍ਹਾਈ ਕਰੇ ਅਤੇ ਵੱਡਾ ਹੋਣ 'ਤੇ ਇਕ ਮੁਕਾਮ ਹਾਸਲ ਕਰੇ, ਇਸ ਲਈ ਮੈਂ ਖ਼ੁਦ ਨੂੰ ਨਹੀਂ ਰੋਕ ਸਕੀ ਸੀ।'' ਔਰਤ ਨੇ ਕਿਹਾ,''ਮੇਰਾ ਸਾਇੰਸ ਦਾ ਪੇਪਰ ਵੀ ਚੰਗਾ ਨਿਕਲਿਆ। ਮੈਨੂੰ ਉਮੀਦ ਹੈ ਕਿ ਮੈਂ ਚੰਗਾ ਸਕੋਰ ਕਰਾਂਗਾ।” ਡਾਕਟਰ ਭੋਲਾ ਨਾਥ ਨੇ ਕਿਹਾ,“ਮੈਨੂੰ ਸੰਤੁਸ਼ਟ ਹਾਂ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ ਅਤੇ ਰੁਕਮਣੀ ਬਿਹਤਰ ਸਿੱਖਿਆ ਪ੍ਰਾਪਤ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ