ਹੁਣ ਪਹਿਲੀ ਜਮਾਤ ਦੀ ਕਿਤਾਬ 'ਚ ਛਪੀ ਵਿਵਾਦਤ ਤਸਵੀਰ, ਸਿਰਸਾ ਨੇ ਚੁੱਕਿਆ ਮੁੱਦਾ

Thursday, Jul 16, 2020 - 05:32 PM (IST)

ਨਵੀਂ ਦਿੱਲੀ— ਸਿੱਖ ਕੌਮ ਅਤੇ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਦਿੱਲੀ 'ਚ ਇਕ ਅਧਿਆਪਕਾ ਨੇ ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਨੂੰ ਲੈ ਕੇ ਸਿੱਖਾਂ 'ਚ ਰੋਹ ਹੈ। ਹੁਣ ਇਕ ਕਿਤਾਬ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਬਾਬਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ਼ 'ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਿਰਸਾ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਸਾਫ਼ ਵਿਖ ਰਿਹਾ ਹੈ ਕਿ ਕਿਤਾਬ 'ਚ ਛਪੀਆਂ ਤਸਵੀਰਾਂ 'ਚ ਵੱਡੀਆਂ ਗਲਤੀਆਂ ਦੇ ਨਾਲ-ਨਾਲ ਕਈ ਊਣਤਾਈਆਂ ਵੀ ਹਨ। ਦਰਅਸਲ ਬੱਚਿਆਂ ਨੂੰ ਇਕ ਪਾਠ 'ਚ ਤਿਉਹਾਰਾਂ ਅਤੇ ਗੁਰਪੁਰਬ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਤਸਵੀਰਾਂ ਪਹਿਲੀ ਜਮਾਤ ਦੀ ਕਿਤਾਬ 'ਚ ਛਾਪੀਆਂ ਗਈਆਂ ਹਨ, ਜਿਸ ਨੂੰ ਲੈ ਕੇ ਸਿੱਖਾਂ 'ਚ ਰੋਹ ਹੈ। 

PunjabKesari

ਤਸਵੀਰਾਂ 'ਚ ਵਿਖਾਇਆ ਗਿਆ ਹੈ ਕਿ ਇਕ ਬੱਚਾ ਬੂਟਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖੜ੍ਹਾ ਹੈ, ਜੋ ਕਿ ਸਰਾਸਰ ਗਲਤ ਹੈ। ਸਿਰਸਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਨ ਦੇ ਨਾਲ ਹੀ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਕਿਤਾਬ ਨਹੀਂ ਹੈ, ਇਹ ਸਾਡੇ ਮਾਰਗ ਦਰਸ਼ਕ ਅਤੇ ਸ਼ਾਖ਼ਸ਼ਾਤ ਗੁਰੂ ਹਨ। ਗੁਰੂ ਸਾਹਿਬਾਨ ਦੇ ਸਾਹਮਣੇ ਬੂਟਾਂ 'ਚ ਖੜ੍ਹੇ ਮੁੰਡੇ ਨੂੰ ਦਰਸਾਉਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਹਨ, ਜੋ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਂਦੀਆਂ ਹਨ। ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਪੀਐੱਮ ਪਬਲੀਸਰਜ਼ ਪ੍ਰਾਈਵੇਟ ਲਿਮਟਿਡ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਪਾਠ-ਪੁਸਤਕਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸੁਧਾਰ ਕੀਤਾ ਜਾਵੇ, ਜੋ ਸਿੱਖ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀਆਂ ਹਨ। ਹਾਲਾਂਕਿ ਇਹ ਮੁੱਦਾ ਮੀਡੀਆ ਵਿਚ ਉਜਾਗਰ ਹੋਣ ਤੋਂ ਬਾਅਦ ਪੀਐੱਮ. ਪਬਲੀਸਰਜ਼ ਨੇ ਆਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ ਹੈ। ਇਸ ਦੇ ਨਾਲ ਹੀ ਸਾਰੀਆਂ ਕਿਤਾਬਾਂ ਮਾਰਕੀਟ 'ਚੋਂ ਵਾਪਸ ਮੰਗਵਾ ਲੈਣ ਦੀ ਗੱਲ ਆਖੀ ਹੈ।


Tanu

Content Editor

Related News