ਨਕਸਲੀਆਂ ਵੱਲੋਂ ਲਾਇਆ ਗਿਆ 10 ਕਿਲੋ IED ਬਰਾਮਦ
Tuesday, Jan 07, 2025 - 02:46 PM (IST)
ਸੁਕਮਾ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਪੁਲਸ ਨੇ ਨਕਸਲੀਆਂ ਵਲੋਂ ਲਗਾਈ ਗਈ 10 ਕਿਲੋ ਦੀ ਸ਼ਕਤੀਸ਼ਾਲੀ ਬਾਰੂਦੀ ਸੁਰੰਗ (IED) ਬਰਾਮਦ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਾਮਦਗੀ ਸੋਮਵਾਰ ਨੂੰ ਬੀਜਾਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਇਕ ਵਾਹਨ ਨੂੰ ਇਕ IED ਧਮਾਕੇ ਨਾਲ ਉਡਾਉਣ ਤੋਂ ਇਕ ਦਿਨ ਬਾਅਦ ਹੋਈ ਹੈ।
ਇਸ ਘਟਨਾ ਵਿਚ ਅੱਠ ਸੁਰੱਖਿਆ ਮੁਲਾਜ਼ਮ ਅਤੇ ਇਕ ਡਰਾਈਵਰ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਅਤੇ ਜ਼ਿਲ੍ਹਾ ਪੁਲਸ ਦੀ ਟੀਮ ਨੇ ਕੋਂਟਾ-ਗੋਲਾਪੱਲੀ ਰੋਡ 'ਤੇ ਬੇਲਪੋਚਾ ਪਿੰਡ ਦੇ ਕੋਲ ਵਿਸਫੋਟਕ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰੂਟ 'ਤੇ ਬਾਰੂਦੀ ਸੁਰੰਗਾਂ ਨੂੰ ਹਟਾਉਣ ਦੇ ਅਭਿਆਸ ਦੌਰਾਨ ਸੁਰੱਖਿਆ ਕਰਮੀਆਂ ਨੇ ਸੜਕ ਦੇ ਹੇਠਾਂ ਲਗਾਏ IED ਨੂੰ ਦੇਖਿਆ, ਜਿਸ ਤੋਂ ਬਾਅਦ ਇਸ ਨੂੰ ਬਰਾਮਦ ਕਰਕੇ ਨਸ਼ਟ ਕਰ ਦਿੱਤਾ ਗਿਆ। ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦੇਈਏ ਕਿ ਸੁਕਮਾ ਸਮੇਤ ਸੱਤ ਜ਼ਿਲ੍ਹਿਆਂ ਵਾਲੇ ਬਸਤਰ ਡਿਵੀਜ਼ਨ ਵਿਚ ਨਕਸਲ ਵਿਰੋਧੀ ਮੁਹਿੰਮਾਂ ਦੌਰਾਨ ਨਕਸਲੀ ਅਕਸਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਵਿਸਫੋਟਕ ਲਗਾਉਂਦੇ ਹਨ।