ਬੈਂਕਾਂ ਦੇ ਅਸੁਰੱਖਿਅਤ ਨਿੱਜੀ ਕਰਜ਼ੇ 10 ਲੱਖ ਕਰੋੜ ਰੁਪਏ ਤੱਕ ਪਹੁੰਚੇ , ਆਰ.ਬੀ.ਆਈ. ਚਿੰਤਤ

Saturday, Feb 21, 2026 - 12:04 AM (IST)

ਬੈਂਕਾਂ ਦੇ ਅਸੁਰੱਖਿਅਤ ਨਿੱਜੀ ਕਰਜ਼ੇ 10 ਲੱਖ ਕਰੋੜ ਰੁਪਏ ਤੱਕ ਪਹੁੰਚੇ , ਆਰ.ਬੀ.ਆਈ. ਚਿੰਤਤ

ਨੈਸ਼ਨਲ ਡੈਸਕ- 31 ਮਾਰਚ, 2025 ਦੇ ਅੰਤ ’ਚ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਦਿੱਤੇ ਗਏ ਅਸੁਰੱਖਿਅਤ ਨਿੱਜੀ ਕਰਜ਼ੇ ਚਿੰਤਾਜਨਕ ਰੂਪ ਨਾਲ 9.53 ਲੱਖ ਕਰੋੜ ਰੁਪਏ ਸਨ। ਇਹ ਅੰਕੜਾ ਇਸ ਸਾਲ ਦੌਰਾਨ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ।

ਇਹ ਪਿਛਲੇ 2 ਸਾਲਾਂ ਨਾਲੋਂ ਕਾਫ਼ੀ ਵੱਧ ਹੈ। 31 ਮਾਰਚ, 2023 ਤਕ ਅਨੁਸੂਚਿਤ ਵਪਾਰਕ ਬੈਂਕਾਂ ਦੇ ਕੁੱਲ ਅਸੁਰੱਖਿਅਤ ਨਿੱਜੀ ਕਰਜ਼ੇ 7,72,25 ਕਰੋੜ ਰੁਪਏ ਸਨ ਜੋ 31 ਮਾਰਚ, 2024 ਤੱਕ ਵਧ ਕੇ 9.10 ਲੱਖ ਕਰੋੜ ਰੁਪਏ ਹੋ ਗਏ।

ਹਾਲਾਂਕਿ, ਅਨੁਸੂਚਿਤ ਵਪਾਰਕ ਬੈਂਕਾਂ ਦੇ ਕੁੱਲ ਬਕਾਇਆ ਪ੍ਰਚੂਨ ਐਡਵਾਂਸ ’ਚ ਅਨੁਸੂਚਿਤ ਵਪਾਰਕ ਬੈਂਕਾਂ ਦੇ ਬਕਾਇਆ ਅਸੁਰੱਖਿਅਤ ਪ੍ਰਚੂਨ ਐਡਵਾਂਸ ਦਾ ਹਿੱਸਾ 31 ਮਾਰਚ, 2025 ਤੱਕ ਘਟ ਕੇ 25.2 ਫੀਸਦੀ ਰਹਿ ਗਿਆ ਜੋ 31 ਮਾਰਚ, 2023 ਤੱਕ 28.0 ਫੀਸਦੀ ਸੀ। ਫਿਰ ਵੀ 9.53 ਲੱਖ ਕਰੋੜ ਦੇ ਬਕਾਇਆ ਅਸੁਰੱਖਿਅਤ ਨਿੱਜੀ ਕਰਜ਼ੇ ਚਿੰਤਾਜਨਕ ਢੰਗ ਨਾਲ ਵੱਧ ਮੰਨੇ ਜਾਂਦੇ ਹਨ।

ਇਕ ਅਧਿਕਾਰਤ ਸੋਮੇ ਨੇ ਪੁਸ਼ਟੀ ਕੀਤੀ ਕਿ 2024-25 ’ਚ ਅਸੁਰੱਖਿਅਤ ਕਰਜ਼ੇ 9.53 ਲੱਖ ਕਰੋੜ ਰੁਪਏ ਤੱਕ ਪਹੁੰਚ ਗਏ। ਜਦੋਂ ਇਹ ਪੁੱਛਿਆ ਗਿਆ ਕਿ ਕੀ ਉਦਯੋਗਿਕ ਕਰਜ਼ਿਆਂ ਦੇ ਮੁਕਾਬਲੇ ਅਸੁਰੱਖਿਅਤ ਕਰਜ਼ਿਆਂ ’ਚ ਹੋਰ ਵਾਧੇ ਬਾਰੇ ਉਹ ਜਾਣਦੇ ਹਨ ਤਾਂ ਉਨ੍ਹਾਂ ਇਹ ਅੰਕੜੇ ਦਿੱਤੇ।

ਮੈਂਬਰ ਅਨੁਸੂਚਿਤ ਵਪਾਰਕ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਵੱਲੋਂ ਦਿੱਤੇ ਗਏ ਕੁੱਲ ਅਸੁਰੱਖਿਅਤ ਨਿੱਜੀ ਕਰਜ਼ਿਆਂ ਬਾਰੇ ਜਾਣਕਾਰੀ ਚਾਹੁੰਦੇ ਸਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਆਰ. ਬੀ. ਆਈ. 2023 ਤੋਂ ਪਹਿਲਾਂ ਅਨੁਸੂਚਿਤ ਵਪਾਰਕ ਬੈਂਕਾਂ ਲਈ ਅਸੁਰੱਖਿਅਤ ਐਡਵਾਂਸ ਬਕਾਇਆ, ਅਸੁਰੱਖਿਅਤ ਨਿੱਜੀ ਐਡਵਾਂਸ ਤੇ 'ਅਸੁਰੱਖਿਅਤ ਪ੍ਰਚੂਨ ਐਡਵਾਂਸ ਬਾਰੇ ਜਾਣਕਾਰੀ ਨਹੀਂ ਰੱਖਦਾ ਸੀ।

ਆਰ. ਬੀ. ਆਈ. ਇਨ੍ਹਾਂ ਕਰਜ਼ਿਆਂ ਨਾਲ ਸਬੰਧਤ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਕੋਈ ਡਾਟਾ ਨਹੀਂ ਰੱਖਦਾ ਹੈ। ਜੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਅਸੁਰੱਖਿਅਤ ਕਰਜ਼ਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਅੰਕੜਾ ਹੈਰਾਨੀਜਨਕ ਹੋਵੇਗਾ ਪਰ ਸਰਕਾਰ ਚਿੰਤਤ ਨਹੀਂ ਹੈ।

ਆਰ. ਬੀ. ਆਈ. ਆਪਣੇ ਰੈਗੂਲੇਟਰੀ ਤੇ ਸੁਪਰਵਾਈਜ਼ਰੀ ਢਾਂਚੇ ਦੇ ਹਿੱਸੇ ਵਜੋਂ ਸਿਸਟੇਮੈਟਿਕ ਰਿਸਕ ਨੂੰ ਘੱਟ ਕਰਨ ਲਈ ਰਿਸਕ ਰੇਟ ’ਚ ਤਬਦੀਲੀ ਸਮੇਤ ਬਦਲਦੇ ਹਾਲਾਤ ਦੇ ਆਧਾਰ ’ਤੇ ਰੈਗੂਲੇਟਰੀ ਉਪਾਅ ਕਰਦਾ ਹੈ। ਉਸ ਨੇ ਬੈਂਕਾਂ ਨੂੰ ਸਖਤ ਨਜ਼ਰ ਰੱਖਣ ਦੀ ਚਿਤਾਵਨੀ ਦਿੱਤੀ ਹੈ।


author

Rakesh

Content Editor

Related News