ਹਸਪਤਾਲ ''ਚ ਨਿਰੀਖਣ ਕਰਨ ਪੁੱਜੇ ਅਧਿਕਾਰੀ, ਡਿਊਟੀ ਤੋਂ ਗੈਰ-ਹਾਜ਼ਰ ਮਿਲੇ ਡਾਕਟਰ

Thursday, Nov 14, 2024 - 12:16 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਧਿਕਾਰੀਆਂ ਨੇ ਇਕ ਹਸਪਤਾਲ ਦਾ ਬੁੱਧਵਾਰ ਨੂੰ ਅਚਾਨਕ ਨਿਰੀਖਣ ਕੀਤਾ, ਜਿੱਥੇ ਉਨ੍ਹਾਂ ਨੂੰ ਹਸਪਤਾਲ 'ਚ ਡਾਕਟਰਾਂ ਸਮੇਤ 90 ਫ਼ੀਸਦੀ ਤੋਂ ਵੱਧ ਕਰਮੀ ਆਪਣੀ ਡਿਊਟੀ ਦੌਰਾਨ ਗੈਰ-ਹਾਜ਼ਰ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਕਰਮੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਵਧੀਕ ਡਿਪਟੀ ਕਮਿਸ਼ਨਰ ਨੇ ਬੁੱਧਵਾਰ ਸਵੇਰੇ 10 ਵਜੇ ਸ਼ੋਪੀਆਂ ਜ਼ਿਲ੍ਹਾ ਹਸਪਤਾਲ ਦਾ ਨਿਰੀਖਣ ਕੀਤਾ, ਜਿਸ ਦੌਰਾਨ ਇਹ ਕਰਮੀ ਗੈਰ-ਹਾਜ਼ਰ ਪਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਿਰੀਖਣ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵੱਲੋਂ ਦਿੱਤੀ ਗਈ ਬਾਇਓਮੈਟ੍ਰਿਕ ਹਾਜ਼ਰੀ ਰਿਪੋਰਟ ਮੁਤਾਬਕ ਜ਼ਿਆਦਾਤਰ ਡਾਕਟਰ, ਮੈਡੀਕਲ ਅਫ਼ਸਰ, ਪੈਰਾ-ਮੈਡੀਕਲ ਸਟਾਫ਼ ਅਤੇ ਹੋਰ ਕਰਮੀ ਅਣਅਧਿਕਾਰਤ ਤੌਰ 'ਤੇ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਨਿਰੀਖਣ ਸਮੇਂ ਹਸਪਤਾਲ ਦੇ 198 ਮੁਲਾਜ਼ਮਾਂ 'ਚੋਂ ਸਿਰਫ਼ 17 ਹਾਜ਼ਰ ਸਨ, ਜਦੋਂ ਕਿ 181 ਗੈਰ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ, ਮੈਡੀਕਲ ਅਫ਼ਸਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਹੋਰ ਸਟਾਫ਼ ਦੀ ਅਨਿਯਮਿਤ ਗੈਰ-ਹਾਜ਼ਰੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਮੰਗਲਵਾਰ ਨੂੰ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਣ-ਅਧਿਕਾਰਤ ਗੈਰ-ਹਾਜ਼ਰ ਹੋਣ ਦੀ ਸੂਰਤ 'ਚ ਸਬੰਧਤ ਕਰਮੀ ਦੀ ਇਕ ਦਿਨ ਦੀ ਤਨਖ਼ਾਹ ਕੱਟ ਕੇ ਜ਼ਿਲ੍ਹਾ 'ਰੈੱਡ ਕਰਾਸ ਸੁਸਾਇਟੀ' ਦੇ ਖਾਤੇ 'ਚ ਜਮ੍ਹਾਂ ਕਰਵਾਈ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਨਿਰੀਖਣ ਤੋਂ ਬਾਅਦ ਜਾਰੀ ਹੁਕਮਾਂ ਵਿਚ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਸਾਰੇ ਗੈਰ-ਹਾਜ਼ਰ ਕਰਮੀਆਂ ਤੋਂ ਉਨ੍ਹਾਂ ਦੀ ਲਾਪਰਵਾਹੀ, ਸੇਵਾ 'ਚ ਅਣਗਹਿਲੀ, ਉਦਾਸੀਨ ਰਵੱਈਏ ਅਤੇ ਗੈਰ-ਜ਼ਿੰਮੇਵਾਰਾਨਾ ਵਤੀਰੇ ਲਈ ਸਪੱਸ਼ਟੀਕਰਨ ਮੰਗਣ ਲਈ ਕਿਹਾ ਹੈ।

ਹੁਕਮਾਂ 'ਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਆਪਣੇ ਜਵਾਬ 'ਚ ਦੱਸਣਾ ਹੋਵੇਗਾ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ। ਹੁਕਮਾਂ 'ਚ ਕਿਹਾ ਗਿਆ ਹੈ ਕਿ ਮੈਡੀਕਲ ਸੁਪਰਡੈਂਟ ਦੇ ਵਿਚਾਰ, ਟਿੱਪਣੀਆਂ ਅਤੇ ਸਿਫ਼ਾਰਸ਼ਾਂ ਸਮੇਤ ਜਵਾਬ ਤਿੰਨ ਦਿਨਾਂ ਦੇ ਅੰਦਰ ਡਿਪਟੀ ਕਮਿਸ਼ਨਰ ਦਫ਼ਤਰ 'ਚ ਜਮ੍ਹਾਂ ਕਰਵਾਏ ਜਾਣਗੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਗੈਰ-ਹਾਜ਼ਰ ਮੁਲਾਜ਼ਮਾਂ ਕੋਲ ਆਪਣੇ ਬਚਾਅ 'ਚ ਕਹਿਣ ਲਈ ਕੁਝ ਨਾ ਹੋਣ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਇਕ ਦਿਨ ਦੀ ਤਨਖਾਹ ਵੀ ਕੱਟ ਲਈ ਜਾਵੇਗੀ।
 


Tanu

Content Editor

Related News