9 ਸਾਲ ਦੀ ਲਕਸ਼ਮੀ ਦੀਆਂ 13 ਵਾਰ ਟੁੱਟ ਚੁੱਕੀਆਂ ਹਨ ਹੱਡੀਆਂ!
Wednesday, Jul 12, 2017 - 04:34 PM (IST)
ਬਾੜਮੇਰ— ਰਾਜਸਥਾਨ ਦੀ ਰਹਿਣ ਵਾਲੀ ਲਕਸ਼ਮੀ ਇਕ ਗੰਭੀਰ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਕਾਰਨ ਸਿਰਫ 9 ਸਾਲ ਦੀ ਉਮਰ 'ਚ 13 ਵਾਰ ਪੈਰ ਦੀਆਂ ਹੱਡੀਆਂ ਟੁੱਟ ਚੁਕੀਆਂ ਹਨ। ਉਸ ਦਾ ਪਰਿਵਾਰ ਉਸ ਨੂੰ ਪਿਆਰ ਨਾਲ ਗੋਦ 'ਚ ਵੀ ਨਹੀਂ ਲੈ ਸਕਦਾ, ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਇਹੀ ਡਰ ਸਤਾਉਂਦਾ ਹੈ ਕਿ ਕਿਤੇ ਉਨ੍ਹਾਂ ਦੀ ਬੇਟੀ ਦੀਆਂ ਹੱਡੀਆਂ ਨੂੰ ਨੁਕਸਾਨ ਨਾ ਪੁੱਜ ਜਾਵੇ। ਮੈਡੀਕਲ ਸਾਇੰਸ ਦੀ ਭਾਸ਼ਾ 'ਚ ਇਸ ਬੀਮਾਰੀ ਨੂੰ ਆਸਟੀਓ ਜੈਨੇਟਿਕ ਇੰਪਰਫੈਕਟਾ ਯਾਨੀ ਅਸਥੀ ਭੰਗੁਰਤਾ ਕਿਹਾ ਜਾਂਦਾ ਹੈ, ਜਿਸ 'ਚ ਥੋੜ੍ਹਾ ਜਿਹਾ ਵੀ ਜ਼ੋਰ ਲੱਗਣ 'ਤੇ ਹੱਡੀਆਂ ਟੁੱਟ ਜਾਂਦੀਆਂ ਹਨ।
ਮਿਹਨਤ ਮਜ਼ਦੂਰੀ ਕਰ ਕੇ ਘਰ ਚਲਾਉਣ ਵਾਲੇ ਪਿਤਾ ਕਾਂਤੀਲਾਲ ਜੋਸ਼ੀ ਬਾੜਮੇਰ, ਜੋਧਪੁਰ, ਜਾਲੌਰ, ਸਾਂਚੋਰ, ਗੁਜਰਾਤ, ਜੈਪੁਰ ਤੱਕ ਇਲਾਜ ਲਈ ਜਾ ਚੁਕੇ ਹਨ। ਡਾਕਟਰ ਬੱਸ ਦਵਾਈਆਂ ਦੇ ਕੇ ਭੇਜ ਦਿੰਦੇ ਹਨ ਪਰ ਬੀਮਾਰੀ ਬਾਰੇ ਜ਼ਿਆਦਾ ਕੁਝ ਨਹੀਂ ਦੱਸਦੇ। ਲਕਸ਼ਮੀ ਦੀਆਂ ਹੱਡੀਆਂ ਇੰਨੀਆਂ ਕਮਜ਼ੋਰ ਹਨ ਕਿ ਉਹ ਪੈਰਾਂ 'ਤੇ ਖੜ੍ਹੀ ਵੀ ਨਹੀਂ ਹੋ ਸਕਦੀ। ਉਸ ਲਈ ਪੈਰਾਂ ਨੂੰ ਹਿਲਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਹੱਡੀਆਂ ਦੇ ਟੁੱਟਣ ਨਾਲ ਉਸ ਨੂੰ ਦਰਦ ਨਹੀਂ ਹੁੰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸੋਜ ਆਉਂਦੀ ਹੈ। ਬੀਮਾਰੀ ਕਾਰਨ ਲਕਸ਼ਮੀ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਫਿਰ ਆਪਣੀ ਬੀਮਾਰੀ ਤੋਂ ਅਣਜਾਣ ਲਕਸ਼ਮੀ ਦੇ ਚਿਹਰੇ 'ਤੇ ਹਮੇਸ਼ਾ ਖੁਸ਼ੀ ਰਹਿੰਦੀ ਹੈ। ਰਾਜ ਸਰਕਾਰ ਵੱਲੋਂ ਅਪਾਹਜ ਅਤੇ ਬੀਮਾਰੀ ਨਾਲ ਪੀੜਤ ਬੱਚਿਆਂ ਦੇ ਇਲਾਜ ਦੀ ਮੁਫ਼ਤ ਵਿਵਸਥਾ ਹੈ ਪਰ ਜਦੋਂ ਸਕੂਲ 'ਚ ਹੀ ਦਾਖਲਾ ਨਾ ਮਿਲੇ ਤਾਂ ਫਿਰ ਉਸ ਦਾ ਇਲਾਜ ਕਿਵੇਂ ਹੋਵੇਗਾ।
