ਵੱਡੀ ਖ਼ਬਰ : 9 ਪੁਲਸ ਮੁਲਾਜ਼ਮਾਂ ਨੂੰ ਸੁਣਾਈ ਸਜ਼ਾ-ਏ-ਮੌਤ ! ਥਾਣੇ ''ਚ ਟਾਰਚਰ ਦੌਰਾਨ ਗਈ ਸੀ ਪਿਓ-ਪੁੱਤ ਦੀ ਜਾਨ

Monday, Apr 06, 2026 - 07:05 PM (IST)

ਵੱਡੀ ਖ਼ਬਰ : 9 ਪੁਲਸ ਮੁਲਾਜ਼ਮਾਂ ਨੂੰ ਸੁਣਾਈ ਸਜ਼ਾ-ਏ-ਮੌਤ ! ਥਾਣੇ ''ਚ ਟਾਰਚਰ ਦੌਰਾਨ ਗਈ ਸੀ ਪਿਓ-ਪੁੱਤ ਦੀ ਜਾਨ

ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਸਾਲ 2020 ਦੇ ਬਹੁ-ਚਰਚਿਤ ਸਥਾਨਕੁਲਮ ਕਸਟੋਡੀਅਲ ਕਿੱਲਿੰਗ ਮਾਮਲੇ ਵਿੱਚ ਇੱਕ ਬਹੁਤ ਵੱਡਾ ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਾਮਿਲਨਾਡੂ ਦੇ 9 ਪੁਲਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਘਟਨਾ ਨੂੰ "ਰੇਅਰੈਸਟ ਆਫ ਰੇਅਰ"  ਯਾਨੀ ਬੇਹੱਦ ਜਘੰਨ ਅਪਰਾਧ ਮੰਨਦੇ ਹੋਏ ਇਹ ਸਖ਼ਤ ਸਜ਼ਾ ਦਿੱਤੀ ਹੈ।

ਕੀ ਸੀ ਪੂਰਾ ਮਾਮਲਾ?
 ਇਹ ਮਾਮਲਾ ਤੂਤੀਕੋਰਿਨ ਜ਼ਿਲ੍ਹੇ ਦੇ ਸਥਾਨਕੁਲਮ ਨਾਲ ਜੁੜਿਆ ਹੋਇਆ ਹੈ, ਜਿੱਥੇ ਇੱਕ ਵਪਾਰੀ ਪੀ. ਜੈਰਾਜ ਅਤੇ ਉਸਦੇ ਬੇਟੇ ਜੇ. ਬੈਨਿਕਸ ਦੀ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਦੋਵਾਂ ਨੂੰ 19 ਜੂਨ 2020 ਨੂੰ ਕੋਵਿਡ-19 ਲੌਕਡਾਊਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਸ ਦਾ ਦੋਸ਼ ਸੀ ਕਿ ਉਨ੍ਹਾਂ ਨੇ ਆਪਣੀ ਮੋਬਾਈਲ ਐਕਸੈਸਰੀਜ਼ ਦੀ ਦੁਕਾਨ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੀ ਰੱਖੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਹਿਰਾਸਤ ਵਿੱਚ ਪਿਓ-ਪੁੱਤ ਨਾਲ ਲਗਾਤਾਰ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਨੂੰ ਸਾਰੀ ਰਾਤ ਪ੍ਰਤਾੜਿਤ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ (ਬਲੰਟ ਫੋਰਸ ਟਰਾਮਾ) ਲੱਗੀਆਂ ਅਤੇ ਭਾਰੀ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਭਾਰੀ ਰੋਸ ਫੈਲ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸੀ.ਬੀ.ਆਈ. (CBI) ਨੂੰ ਸੌਂਪੀ ਗਈ ਸੀ। ਸੀ.ਬੀ.ਆਈ. ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਅੱਤਿਆਚਾਰ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼ ਸੀ।

ਦੋਸ਼ੀ ਪੁਲਸ ਮੁਲਾਜ਼ਮਾਂ ਦੇ ਨਾਮ 
ਅਦਾਲਤ ਨੇ ਜਿਨ੍ਹਾਂ 9 ਪੁਲਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਉਨ੍ਹਾਂ ਵਿੱਚ ਇੰਸਪੈਕਟਰ ਐਸ. ਸ਼੍ਰੀਧਰ, ਸਬ-ਇੰਸਪੈਕਟਰ ਪੀ. ਰਘੂ ਗਣੇਸ਼ ਅਤੇ ਕੇ. ਬਾਲਕ੍ਰਿਸ਼ਨਨ ਸ਼ਾਮਲ ਹਨ। ਇਸ ਤੋਂ ਇਲਾਵਾ ਹੈੱਡ ਕਾਂਸਟੇਬਲ ਐਸ. ਮੁਰੂਗਨ ਤੇ ਏ. ਸਮਦੁਰਈ ਅਤੇ ਕਾਂਸਟੇਬਲ ਐਮ. ਮੁਥੂਰਾਜ, ਐਸ. ਚੇਲਾਦੁਰਈ, ਐਕਸ. ਥਾਮਸ ਫ੍ਰਾਂਸਿਸ ਤੇ ਐਸ. ਵੇਲੂਮੁਥੂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਸ ਕੇਸ ਵਿੱਚ ਇੱਕ ਦਸਵਾਂ ਮੁਲਜ਼ਮ ਵੀ ਸੀ, ਜਿਸ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕਿਹਾ ਕਿ ਇਹ ਮਾਮਲਾ ਅਤਿ ਦੀ ਕਰੂਰਤਾ ਅਤੇ ਸੱਤਾ ਦੀ ਦੁਰਵਰਤੋਂ ਦੀ ਇੱਕ ਮਿਸਾਲ ਹੈ। ਜੱਜ ਨੇ ਕਿਹਾ ਕਿ ਇਹ ਕੋਈ ਆਮ ਅਪਰਾਧ ਨਹੀਂ ਹੈ, ਸਗੋਂ ਪੁਲਸ ਵੱਲੋਂ ਆਪਣੀ ਸ਼ਕਤੀ ਦੀ ਨਾਜਾਇਜ਼ ਵਰਤੋਂ ਕਰਕੇ ਕੀਤਾ ਗਿਆ ਅਪਰਾਧ ਹੈ। ਇਹ ਫੈਸਲਾ ਨਾ ਸਿਰਫ਼ ਪੀੜਤ ਪਰਿਵਾਰ ਲਈ ਨਿਆਂ ਹੈ, ਸਗੋਂ ਪੂਰੇ ਦੇਸ਼ ਵਿੱਚ ਪੁਲਸ ਹਿਰਾਸਤ ਵਿੱਚ ਹੋਣ ਵਾਲੀ ਹਿੰਸਾ ਵਿਰੁੱਧ ਇੱਕ ਸਖ਼ਤ ਸੰਦੇਸ਼ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News