ਪ੍ਰਤਿਕਾ ਦਾ ਸੈਂਕੜਾ, ਸ਼ੈਫਾਲੀ ਦਾ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ
Saturday, Oct 24, 2026 - 11:56 AM (IST)
ਵਡੋਦਰਾ- ਭਾਰਤੀ ਮਹਿਲਾ ਟੀਮ ਨੇ ਸ਼੍ਰੀ ਚਰਣੀ (23 ਦੌੜਾਂ ’ਤੇ 4 ਵਿਕਟਾਂ) ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਪ੍ਰਤਿਕਾ ਰਾਵਲ (ਅਜੇਤੂ 100) ਦੇ ਤੀਜੇ ਵਨ ਡੇ ਸੈਂਕੜੇ ਅਤੇ ਸ਼ੈਫਾਲੀ ਵਰਮਾ (ਅਜੇਤੂ 64) ਦੇ ਅਰਧ ਸੈਂਕੜੇ ਨਾਲ ਸ਼ੁੱਕਰਵਾਰ ਨੂੰ ਇੱਥੇ ਪਹਿਲੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ’ਚ ਜ਼ਿੰਬਾਬਵੇ ’ਤੇ 22.5 ਓਵਰ ਰਹਿੰਦੇ 9 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ।
ਪਾਰੀ ਦਾ ਆਗਾਜ਼ ਕਰਨ ਲਈ ਭੇਜੀ ਗਈ ਪ੍ਰਤਿਕਾ ਨੇ 96 ਗੇਂਦਾਂ ਦੀ ਪਾਰੀ ਦੇ ਦੌਰਾਨ 15 ਚੌਕੇ ਲਾਏ ਅਤੇ ਸ਼ੈਫਾਲੀ ਨੇ ਵੀ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 32 ਗੇਂਦਾਂ ਦੀ ਪਾਰੀ ’ਚ 4 ਚੌਕੇ ਤੇ 4 ਛੱਕੇ ਲਾਏ। ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 106 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਾਲ ਭਾਰਤ ਨੇ 27.1 ਓਵਰਾਂ ’ਚ 1 ਵਿਕਟ ’ਤੇ 200 ਦੌੜਾਂ ਬਣਾ ਕੇ 3 ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਬਣਾ ਲਈ। ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ (32) ਆਊਟ ਹੋਣ ਵਾਲੀ ਇਕਲੌਤੀ ਬੱਲੇਬਾਜ਼ ਰਹੀ।
ਇਸ ਤੋਂ ਪਹਿਲਾਂ ਸ਼੍ਰੀ ਚਰਣੀ ਨੇ 10 ਓਵਰਾਂ ’ਚ 23 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ, ਜਿਸ ਨਾਲ ਜ਼ਿੰਬਾਬਵੇ ਦੀ ਟੀਮ 49.5 ਓਵਰਾਂ ’ਚ 197 ਦੌੜਾਂ ’ਤੇ ਸਿਮਟ ਗਈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ ਖੇਡੀ ਗਈ 3 ਮੈਚਾਂ ਦੀ ਟੀ-20 ਸੀਰੀਜ਼ ’ਚ ਭਾਰਤ ਨੇ ਕਲੀਨ ਸਵੀਪ ਕੀਤਾ ਸੀ।
