‘ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਮਗਰੋਂ 87 ਨਾਗਰਿਕ, 99 ਸੁਰੱਖਿਆ ਕਰਮੀ ਮਾਰੇ ਗਏ’
Wednesday, Apr 06, 2022 - 06:17 PM (IST)
ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ 5 ਅਗਸਤ, 2019 ਨੂੰ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਘੱਟੋ-ਘੱਟ 370 ਨਾਗਰਿਕ ਅਤੇ 99 ਸੁਰੱਖਿਆ ਕਰਮੀ ਮਾਰੇ ਗਏ ਹਨ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ‘ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ’ ਵਾਲੀ ਹੈ। 2018 ਵਿਚ 417 ਅੱਤਵਾਦੀ ਹਮਲੇ ਹੋਏ, ਜਦੋਂ ਕਿ 2019 ਵਿਚ 255 ਅੱਤਵਾਦੀ ਹਮਲੇ, 2020 ਵਿਚ 244 ਅੱਤਵਾਦੀ ਹਮਲੇ ਅਤੇ 2021 ਵਿਚ 229 ਅੱਤਵਾਦੀ ਹਮਲੇ ਹੋਏ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ 2014 ਤੋਂ 2019 ਤੱਕ 5 ਸਾਲਾਂ ’ਚ ਘੱਟੋ-ਘੱਟ 177 ਨਾਗਰਿਕ ਅਤੇ 406 ਸੁਰੱਖਿਆ ਮੁਲਾਜ਼ਮ ਮਾਰੇ ਗਏ।
ਰਾਏ ਨੇ ਕਿਹਾ ਕਿ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਜੰਮੂ-ਕਸ਼ਮੀਰ 'ਚ ਸੁਰੱਖਿਆ ਵਿਵਸਥਾ ਅਤੇ ਖੁਫੀਆ ਤੰਤਰ ਨੂੰ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਕਿਆਂ 'ਤੇ 24 ਘੰਟੇ ਚੈਕਿੰਗ, ਗਸ਼ਤ ਅਤੇ ਅੱਤਵਾਦੀਆਂ ਵਿਰੁੱਧ ਤੁਰੰਤ ਮੁਹਿੰਮ ਚਲਾਈ ਜਾ ਰਹੀ ਹੈ। ਇਕ ਹੋਰ ਸਵਾਲ ਦੇ ਲਿਖਤੀ ਜਵਾਬ ਵਿਚ ਰਾਏ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਉਥੇ ਲਗਭਗ 51,000 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਉਦਯੋਗਿਕ ਵਿਕਾਸ ਲਈ ਇਕ ਨਵੀਂ ਕੇਂਦਰੀ ਯੋਜਨਾ ਨੂੰ ਨੋਟੀਫਾਈਡ ਕੀਤਾ ਹੈ। 19 ਫਰਵਰੀ 2021 ਨੂੰ ਘੋਸ਼ਿਤ ਕੀਤੀ ਗਈ ਇਸ ਯੋਜਨਾ ਦਾ ਉਦੇਸ਼ 28,400 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ 2037 ਤੱਕ ਪੂੰਜੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।