8 ਵਾਰ ਫੇਲ ਹੋਣ ਵਾਲਾ ਵੈਭਵ ਬਣਿਆ UPSC ਟਾਪਰ

01/23/2020 12:00:11 AM

ਨਵੀਂ ਦਿੱਲੀ — 3 ਸਾਲ ਦੀ ਸਖਤ ਮਿਹਨਤ ਅਤੇ ਵੱਖਰੀ ਤਰ੍ਹਾਂ ਦੀ ਸਟ੍ਰੈਟਜੀ ਨੇ ਵੈਭਵ ਨੂੰ ਯੂ. ਪੀ. ਐੱਸ. ਸੀ. ਟਾਪਰ ਬਣਾ ਦਿੱਤਾ। 2018 ਵਿਚ ਯੂ. ਪੀ. ਐੱਸ. ਸੀ. ਦੇ ਆਈ. ਈ. ਐੱਸ. (ਇੰਡੀਅਨ ਇੰਜੀਨੀਅਰਿੰਗ ਸਰਵਿਸ) ਪ੍ਰੀਖਿਆ ਵਿਚ 32ਵਾਂ ਰੈਂਕ ਪ੍ਰਾਪਤ ਕਰਨ ਵਾਲੇ ਵੈਭਵ ਛਾਬੜਾ ਦੀ ਕਹਾਣੀ ਹਰ ਇਕ ਸਾਧਾਰਨ ਵਿਦਿਆਰਥੀ ਲਈ ਪ੍ਰੇਰਣਾਦਾਇਕ ਹੈ। ਦਿੱਲੀ ਦੇ ਰਹਿਣ ਵਾਲੇ ਵੈਭਵ ਨੇ ਬੀ-ਟੈੱਕ ਦੀ ਪ੍ਰੀਖਿਆ 56 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਸੀ। ਇਕ ਵੀਡੀਓ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਮੇਰਾ ਪੜ੍ਹਨ ਲਈ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਪਰ ਮੈਨੂੰ ਇਕ ਅਜਿਹੀ ਕੁੰਜੀ ਮਿਲ ਗਈ, ਜਿਸ ਨਾਲ ਮੈਂ 3 ਸਾਲ ਵਿਚ ਆਪਣੀ ਮੰਜ਼ਿਲ ਹਾਸਲ ਕਰ ਲਈ।

ਕਾਲਜ ਤੋਂ ਬਾਅਦ ਉਹ ਇਕ ਇੰਸਟੀਚਿਊਟ ਵਿਚ ਪੜ੍ਹਾਉਂਦਾ ਸੀ ਪਰ ਉਸ ਨੇ ਇਕ ਵੱਡਾ ਟੀਚਾ ਮਿੱਥਿਆ ਅਤੇ ਨੌਕਰੀ ਛੱਡ ਦਿੱਤੀ। ਨਾਲ ਹੀ ਉਸ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ ਲਗਾਤਾਰ ਅਸਫਲਤਾਵਾਂ ਨੇ ਵੈਭਵ ਨੂੰ ਸਿਖਾਇਆ ਕਿ ਕਿਵੇਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਕਰਨਾ ਹੈ। ਇਸ ਤਰ੍ਹਾਂ ਉਹ 8 ਵਾਰ ਫੇਲ ਹੋ ਕੇ ਵੀ ਤਿਆਰੀ ਵਿਚ ਪਿੱਛੇ ਨਹੀਂ ਹਟਿਆ ਅਤੇ ਅੱਜ ਉਹ ਆਈ. ਏ. ਐੱਸ. ਅਫਸਰ ਹੈ।

ਉਸ ਨੇ ਆਪਣੀ ਪੜ੍ਹਾਈ ਦਾ ਇਕ ਅਨੋਖਾ ਤਰੀਕਾ ਅਪਣਾਇਆ ਅਤੇ ਲਾਇਬਰੇਰੀ ਵਿਚ ਜਾ ਕੇ ਪੜ੍ਹਨਾ ਸ਼ੁਰੂ ਕੀਤਾ, ਜਿਥੇ ਉਹ 12-12 ਘੰਟੇ ਪੜ੍ਹਦਾ ਸੀ। ਵੈਭਵ ਕਹਿੰਦਾ ਹੈ ਕਿ ਤੁਹਾਨੂੰ ਹਮੇਸ਼ਾ ਆਪਣੇ ਦਿਮਾਗ ਦੀ ਸੁਣਨੀ ਚਾਹੀਦੀ ਹੈ ਕਿਉਂਕਿ ਉਹ ਕਦੇ ਝੂਠ ਨਹੀਂ ਬੋਲਦਾ। ਮੈਂ ਆਪਣੇ ਦਿਮਾਗ ਦੀ ਸੁਣੀ ਤੇ ਬੀ. ਐੱਸ. ਐੱਨ. ਐੱਲ. ਦੀ ਨੌਕਰੀ ਛੱਡ ਕੇ ਯੂ. ਪੀ. ਐੱਸ. ਸੀ. ਦੀ ਤਿਆਰੀ ਕਰਨ ਲੱਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਸਕਾਰਾਤਮਕ ਲੋਕਾਂ ਨਾਲ ਰਾਬਤਾ ਰੱਖਣਾ ਚਾਹੀਦਾ ਹੈ। ਦੋਸਤਾਂ, ਮਿੱਤਰਾਂ ਅਤੇ ਟੀਚਰਾਂ ਤੋਂ ਇਲਾਵਾ ਮੈਂ ਟਾਰਗੈੱਟ ਪੂਰਾ ਕਰ ਚੁੱਕੇ ਲੋਕਾਂ ਨਾਲ ਗੱਲਬਾਤ ਕੀਤੀ। ਮੈਂ ਇਸੇ ਹਿਸਾਬ ਨਾਲ ਡਾਇਰੀ ਬਣਾਉਣੀ ਤਿਆਰ ਕੀਤੀ ਸੀ। ਪਹਿਲਾਂ 6 ਮਹੀਨੇ ਕੋਚਿੰਗ, ਫਿਰ ਸੈਲਫ ਸਟੱਡੀ ਅਤੇ ਆਖਿਰਕਾਰ ਆਪਣੀ ਮੰਜ਼ਿਲ ਹਾਸਲ ਕਰ ਲਈ।


Related News