ਇਨਕਮ ਟੈਕਸ ਇੰਸਪੈਕਟਰ ਦੇ ਘਰ ''ਚ 3 ਲੋਕਾਂ ਦੇ ਕਤਲ ਕਰਨ ਦੇ ਮਾਮਲੇ ''ਚ 8 ਲੋਕਾਂ ਨੂੰ ਹੋਈ ਫਾਂਸੀ ਦੀ ਸਜ਼ਾ
Thursday, Mar 07, 2024 - 06:35 PM (IST)

ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਸ਼ੁਰੇਸ਼ ਸ਼ਰਮਾ ਨਗਰ ਵਿਚ 10 ਸਾਲ ਪਹਿਲੇ ਘਰ ਵਿਚ ਦਾਖ਼ਲ ਹੋ ਕੇ ਭੰਨਤੋੜ ਅਤੇ ਲੁੱਟ-ਖੋਹ ਦੌਰਾਨ ਇਨਕਮ ਟੈਕਸ ਵਿਭਾਗ ਦੇ ਇਕ ਇੰਸਪੈਕਟਰ ਦੀ ਮਾਂ, ਭਰਾ ਅਤੇ ਭਰਜਾਈ ਦੇ ਕਤਲ ਮਾਮਲੇ ਵਿਚ 9 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ 'ਚੋਂ 8 ਨੂੰ ਫਾਂਸੀ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧਿਕ) ਦਿਗੰਬਰ ਪਟੇਲ ਨੇ ਦੱਸਿਆ ਕਿ ਵਿਸ਼ੇਸ਼ ਜੱਜ (ਫਾਸਟ ਕੋਰਟ) ਰਵੀ ਕੁਮਾਰ ਦਿਵਾਕਰ ਨੇ ਛੇਮਾਰ ਹਸੀਨ ਗਿਰੋਹ ਦੇ 9 ਵਿਅਕਤੀਆਂ ਨੂੰ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ 'ਚੋਂ ਅੱਠ ਨੂੰ ਮੌਤ ਦੀ ਸਜ਼ਾ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਟੇਲ ਅਨੁਸਾਰ ਇਨਕਮ ਟੈਕਸ ਵਿਭਾਗ ਦੇ ਇੰਸਪੈਕਟਰ ਰਵੀਕਾਂਤ ਮਿਸ਼ਰਾ ਨੇ ਬਾਰਾਦਰੀ ਥਾਣੇ 'ਚ ਕੇਸ ਦਰਜ ਕਰਵਾਇਆ ਸੀ ਕਿ 21 ਅਪ੍ਰੈਲ 2014 ਨੂੰ ਉਹ ਆਪਣੀ ਤਾਇਨਾਤੀ ਲਈ ਘਰੋਂ ਨਿਕਲਿਆ ਸੀ ਅਤੇ 2 ਦਿਨ ਬਾਅਦ ਜਦੋਂ ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਉਸ ਦੀ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਣ 'ਤੇ ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ, ਗਲਿਆਰੇ ਦੀ ਖਿੜਕੀ ਖੁੱਲ੍ਹੀ ਹੋਈ ਸੀ ਅਤੇ ਇਸ ਦੀ ਗਰਿੱਲ ਵੀ ਕੱਢੀ ਹੋਈ ਸੀ।
ਇਹ ਵੀ ਪੜ੍ਹੋ : ਕਾਲੇ ਜਾਦੂ ਦੇ ਸ਼ੱਕ 'ਚ ਬਜ਼ੁਰਗ ਨੂੰ ਬਲਦੇ ਕੋਲੇ 'ਤੇ ਨੱਚਣ ਲਈ ਕੀਤਾ ਗਿਆ ਮਜ਼ਬੂਰ
ਪਟੇਲ ਨੇ ਦੱਸਿਆ ਕਿ ਮਾਮਲੇ ਅਨੁਸਾਰ ਛੱਤ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਜਦੋਂ ਮਿਸ਼ਰਾ ਨੇ ਨੇੜੇ ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਆਪਣੇ ਘਰ ਅੰਦਰ ਦੇਖਿਆ ਤਾਂ ਉਸ ਦੀ ਮਾਂ ਪੁਸ਼ਪਾ (70) ਦੀ ਲਾਸ਼ ਪੌੜੀਆਂ ਕੋਲ ਪਈ ਸੀ, ਜਦੋਂ ਕਿ ਬੈੱਡਰੂਮ 'ਚ ਉਸ ਦੇ ਭਰਾ ਯੋਗੇਸ਼ ਅਤੇ ਭਰਜਾਈ ਪ੍ਰਿਯਾ ਦੀਆਂ ਲਾਸ਼ਾਂ ਪਈਆਂ ਸਨ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਪਟੇਲ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਲੁੱਟ, ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ 'ਚ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਉਸ ਅਨੁਸਾਰ ਜਾਂਚ ਦੌਰਾਨ ਵਾਜਿਦ ਵਾਸੀ ਸ਼ੇਰਗੜ੍ਹ ਕੁਦਲਾ ਨਗਰੀਆ, ਹਸੀਨ, ਯਾਸੀਨ ਉਰਫ਼ ਜੀਸ਼ਾਨ, ਨਾਜ਼ੀਮਾ, ਹਾਸ਼ੀਮਾ, ਵਾਸੀ ਸੰਭਲ, ਸਮੀਰ ਉਰਫ਼ ਸਾਹਿਬ ਉਰਫ਼ ਨਫੀਸ ਵਾਸੀ ਬਿਠੜੀ ਚੈਨਪੁਰ ਡੇਰਾ ਉਮਰੀਆ, ਜ਼ੁਲਫਾਮ ਅਤੇ ਫਹੀਮ ਵਾਸੀ ਬੀਠ ਨੂੰ ਕਾਬੂ ਕੀਤਾ। ਚੈਨਪੁਰ ਡੇਰਾ ਉਮਰੀਆ, ਗਿਰੋਹ ਵੱਲੋਂ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਸ਼ਾਹਜਹਾਨਪੁਰ ਕੋਤਵਾਲੀ ਵਾਸੀ ਰਾਜੂ ਵਰਮਾ, ਇਕ ਸਰਾਫਾ ਵਪਾਰੀ ਸਮੇਤ 9 ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ। ਪਟੇਲ ਨੇ ਦੱਸਿਆ ਕਿ ਇਸ ਘਟਨਾ 'ਚ ਸ਼ਾਮਲ ਸਰਾਫਾ ਕਾਰੋਬਾਰੀ ਰਵੀ ਵਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀ 8 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਰਾਤ ਸਮੇਂ ਗੁਆਂਢੀ ਉਸਾਰੀ ਅਧੀਨ ਮਕਾਨ ਵਿਚੋਂ ਗੁਆਂਢੀ ਮਿਸ਼ਰਾ ਦੇ ਘਰ ਵਿਚ ਦਾਖ਼ਲ ਹੋਏ ਸਨ ਅਤੇ ਲੁੱਟ ਦੌਰਾਨ ਜਾਗ ਪਈ ਉਸ ਦੀ ਬਜ਼ੁਰਗ ਮਾਤਾ ਦੇ ਸਿਰ ’ਤੇ ਇੱਟ ਮਾਰ ਕੇ ਕਤਲ ਕਰ ਦਿੱਤਾ ਸੀ। ਪਟੇਲ ਅਨੁਸਾਰ ਇਸ ਤੋਂ ਬਾਅਦ ਲੁਟੇਰਿਆਂ ਨੇ ਮਿਸ਼ਰਾ ਦੇ ਭਰਾ ਅਤੇ ਭਰਜਾਈ ਨੂੰ ਵੀ ਇੱਟ ਨਾਲ ਵਾਰ ਕਰ ਕੇ ਮਾਰ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e