ਆਂਧਰਾ ਪ੍ਰਦੇਸ਼ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 8 ਲੋਕਾਂ ਦੀ ਮੌਤ

Sunday, Mar 27, 2022 - 10:25 AM (IST)

ਚਿਤੂਰ– ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ’ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ ਹਨ। ਪੁਲਸ ਮੁਤਾਬਕ ਹਾਦਸੇ ਦਾ ਕਾਰਨ ਡਰਾਈਵਰ ਦੀ ਲਾਪਰਵਾਹੀ ਨੂੰ ਮੰਨਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਪੁਲਸ ਮੁਤਾਬਕ ਹਾਦਸਾ ਸ਼ਨੀਵਾਰ ਦੇਰ ਰਾਤ ਦਾ ਹੈ। ਯਾਤਰੀ ਜਿਸ ਨਿੱਜੀ ਬੱਸ ’ਚ ਯਾਤਰਾ ਕਰ ਰਹੇ ਸਨ, ਉਹ ਭਾਕਰਪੇਟ ਕੋਲ ਘਾਟ ਰੋਡ ’ਤੇ ਇਕ ਮੋੜ ਤੋਂ ਲੰਘਦੇ ਸਮੇਂ ਘਾਟੀ ’ਚ ਡਿੱਗ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਅਨੰਤਪੁਰਮੂ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਐਤਵਾਰ ਸਵੇਰੇ ਇਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਦੀ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ। 

ਹਨ੍ਹੇਰਾ ਹੋਣ ਕਾਰਨ ਬਚਾਅ ਮੁਹਿੰਮ ’ਚ ਕਾਫੀ ਸਮਾਂ ਲੱਗਾ। ਤਿਰੂਪਤੀ ਨਗਰ ਪੁਲਸ ਇੰਸਪੈਕਟਰ ਅਪਲਾ ਨਾਇਡੂ ਅਤੇ ਪੁਲਸ ਕਰਮੀਆਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਤਿਰੂਪਤੀ ਦੇ ਆਰ. ਯੂ. ਆਈ. ਏ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਬਾਅਦ ’ਚ ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ। ਆਂਧਰਾ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ, ਤੇਲੁਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਅਤੇ ਹੋਰਨਾਂ ਨੇ ਹਾਦਸੇ ’ਤੇ ਦੁੱਖ ਜਤਾਇਆ ਹੈ।


Tanu

Content Editor

Related News