ਜਿਗਰ ਦੇ ਕੈਂਸਰ ਨਾਲ ਪੀੜਤ 8 ਦਿਨ ਦੀ ਬੱਚੀ 3 ਮਹੀਨਿਆਂ ਦੇ ਇਲਾਜ ਤੋਂ ਬਾਅਦ ਹੋਈ ਸਿਹਤਮੰਦ

09/16/2022 6:01:20 PM

ਨਵੀਂ ਦਿੱਲੀ (ਭਾਸ਼ਾ)- ਜਨਮ ਤੋਂ ਹੀ ਜਿਗਰ ਦੇ ਅਜੀਬ ਕੈਂਸਰ ਤੋਂ ਪੀੜਤ ਬੱਚੀ ਨੇ ਤਿੰਨ ਮਹੀਨਿਆਂ ਦੇ ਸਖ਼ਤ ਇਲਾਜ ਤੋਂ ਬਾਅਦ ਆਖ਼ਰਕਾਰ ਆਪਣੀ ਬਿਮਾਰੀ 'ਤੇ ਕਾਬੂ ਪਾ ਲਿਆ ਹੈ। ਗੁਰੂਗ੍ਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਡਾਕਟਰਾਂ ਦੀ ਟੀਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਸਰਜਰੀ ਅਤੇ ਕੀਮੋਥੈਰੇਪੀ ਦੇ 6 ਦੌਰ ਤੋਂ ਬਾਅਦ ਬੱਚੀ ਹੁਣ ਕੈਂਸਰ ਤੋਂ ਮੁਕਤ ਹੈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਸਿਰਫ਼ 8 ਦਿਨਾਂ ਦੀ ਸੀ। ਡਾਕਟਰਾਂ ਨੇ ਦੱਸਿਆ ਕਿ ਨੇਪਾਲ ਦੀ ਇਹ ਕੁੜੀ ਜਿਗਰ ਦੇ ਕੈਂਸਰ ਹੈਪੇਟੋਬਲਾਸਟੋਮਾ ਤੋਂ ਪੀੜਤ ਸੀ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ 'ਚ ਜਿਗਰ ਦੇ ਕੈਂਸਰ ਦੀ ਸੰਭਾਵਨਾ 1.2 ਮਿਲੀਅਨ 'ਚੋਂ ਇਕ ਬੱਚੇ 'ਚ ਹੁੰਦੀ ਹੈ ਅਤੇ ਹੈਪਟੋਬਲਾਸਟੋਮਾ ਇਸ ਤੋਂ ਵੀ ਦੁਰਲੱਭ ਹੁੰਦਾ ਹੈ।

ਇਹ ਵੀ ਪੜ੍ਹੋ : PM ਦੇ ਜਨਮ ਦਿਨ ’ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ‘56 ਇੰਚ ਮੋਦੀ ਜੀ’ ਥਾਲੀ

ਪੇਡੀਆਟ੍ਰਿਕਸ ਹੀਮੈਟੋਲਾਜੀ, ਅੰਕੋਲਾਜੀ ਅਤੇ ਬੀ.ਐੱਮ.ਟੀ. ਵਿਭਾਗ ਦੇ ਪ੍ਰਧਾਨ ਡਾਇਰੈਕਟਰ ਵਿਕਾਸ ਦੁਆ ਦੀ ਅਗਵਾਈ 'ਚ ਡਾਕਟਰਾਂ ਦੀ ਟੀਮ ਨੇ ਬੱਚੀ ਦੀ ਇਕ ਸਰਜਰੀ ਕੀਤੀ ਅਤੇ ਉਸ ਦੀ 6 ਪੜਾਵਾਂ 'ਚ ਕੀਮੋਥੈਰੇਪੀ ਕੀਤੀ ਗਈ। ਦੁਆ ਨੇ ਕਿਹਾ,“ਬੱਚੀ ਸਾਡੇ ਕੋਲ ਉਦੋਂ ਆਈ ਜਦੋਂ ਉਹ ਸਿਰਫ਼ 8 ਦਿਨਾਂ ਦੀ ਸੀ ਅਤੇ ਉਸ ਦੇ ਜਿਗਰ ਵਿਚ ਇਕ ਵੱਡਾ ਟਿਊਮਰ ਸੀ। ਇੰਨੀ ਛੋਟੀ ਬੱਚੀ ਦਾ ਇਲਾਜ ਕਰਨਾ ਇਕ ਚੁਣੌਤੀ ਭਰਿਆ ਕੰਮ ਸੀ ਪਰ ਉਸ ਨੇ ਕੀਮੋਥੈਰੇਪੀ ਨੂੰ ਬਰਦਾਸ਼ਤ ਕੀਤਾ ਅਤੇ ਉਸ ਦੇ ਸਰੀਰ 'ਤੇ ਇਸ ਦਾ ਕੋਈ ਖਾਸ ਮਾੜਾ ਪ੍ਰਭਾਵ ਨਹੀਂ ਹੋਇਆ ਹੈ। ” ਢਿੱਡ ਦੇ ਅਲਟਰਾਸਾਊਂਡ ਤੋਂ ਪਤਾ ਚੱਲਿਆ ਕਿ ਕੁੜੀ ਦੇ ਜਿਗਰ  'ਚ 2 ਟਿਊਮਰ ਸਨ। ਉਸ ਦੀ ਕੀਮੋਥੈਰੇਪੀ ਤੁਰੰਤ ਸ਼ੁਰੂ ਕੀਤੀ ਗਈ, ਫਿਰ ਇਕ ਸਰਜਰੀ ਕੀਤੀ ਗਈ ਅਤੇ ਫਿਰ ਤੋਂ ਉਸ ਦੀ ਕੀਮੋਥੈਰੇਪੀ ਕੀਤੀ ਗਈ। ਇਸ ਦੌਰਾਨ ਬੇਹੱਦ ਸਾਵਧਾਨੀ ਵਰਤੀ ਗਈ। ਹੁਣ ਬੱਚੀ ਤਿੰਨ ਮਹੀਨਿਆਂ ਦੀ ਹੈ ਅਤੇ ਸਾਵਧਾਨੀ ਦੇ ਤੌਰ 'ਤੇ ਡਾਕਟਰ ਉਸ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News