ਫਰਜ਼ੀ ਕੰਪਨੀਆਂ ਖੋਲ੍ਹ ਕੇ ਸਰਕਾਰ ਨੂੰ 15 ਹਜ਼ਾਰ ਕਰੋੜ ਦਾ ਚੂਨਾ ਲਗਾਉਣ ਵਾਲੇ 8 ਗ੍ਰਿਫ਼ਤਾਰ

Friday, Jun 02, 2023 - 04:03 PM (IST)

ਫਰਜ਼ੀ ਕੰਪਨੀਆਂ ਖੋਲ੍ਹ ਕੇ ਸਰਕਾਰ ਨੂੰ 15 ਹਜ਼ਾਰ ਕਰੋੜ ਦਾ ਚੂਨਾ ਲਗਾਉਣ ਵਾਲੇ 8 ਗ੍ਰਿਫ਼ਤਾਰ

ਨੋਇਡਾ (ਭਾਸ਼ਾ)- ਨੋਇਡਾ ਪੁਲਸ ਨੇ ਫਰਜ਼ੀ ਕੰਪਨੀਆਂ ਖੋਲ੍ਹ ਕੇ ਸਰਕਾਰ ਨੂੰ 15 ਹਜ਼ਾਰ ਕਰੋੜ ਦਾ ਚੂਨਾ ਲਗਾਉਣ ਦੇ ਦੋਸ਼ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਰੀਬ 13 ਲੱਖ ਰੁਪਏ ਨਕਦ, ਮੋਬਾਇਲ ਫੋਨ, ਸਿਮ, ਲੈਪਟਾਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਰਜ਼ੀ ਕੰਪਨੀਆਂ ਖੋਲ੍ਹੀਆਂ ਅਤੇ ਉਨ੍ਹਾਂ ਦੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਾ ਦਾਅਵਾ ਕਰ ਕੇ ਸਰਕਾਰ ਨੂੰ ਅਰਬਾਂ ਰੁਪਏ ਦਾ ਚੂਨਾ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇਕ ਸਮਾਚਾਰ ਚੈਨਲ ਦੇ ਸੰਪਾਦਕ ਸੌਰਭ ਦਿਵੇਦੀ ਨੇ ਕੁਝ ਦਿਨ ਪਹਿਲਾਂ ਥਾਣਾ ਸੈਕਟਰ-20 'ਚ ਰਿਪੋਰਟ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਪੈਨ ਕਾਰਡ ਦਾ ਪ੍ਰਯੋਗ ਕਰ ਕੇ ਕੁਝ ਲੋਕਾਂ ਨੇ ਫਰਜ਼ੀ ਕੰਪਨੀਆਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਸੁਮਿਤ ਯਾਦਵ ਨਾਮੀ ਵਿਅਕਤੀ ਨੇ ਵੀ ਥਾਣਾ ਸੈਕਟਰ-20 'ਚ ਆਪਣੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਥਾਣਾ ਸੈਕਟਰ-20 ਪੁਲਸ ਅਤੇ ਨੋਇਡਾ ਪੁਲਸ ਦੀ ਸਾਈਬਰ ਸੈੱਲ ਕਰ ਰਹੀ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਇਕ ਸੂਚਨਾ ਦੇ ਆਧਾਰ 'ਤੇ ਪੁਲਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਨਾਮ ਅਸ਼ਵਨੀ ਪਾਂਡੇ, ਯਾਸੀਨ ਸ਼ੇਖ, ਦੀਪਕ ਮੁਜਲਾਨੀ, ਵਿਨੀਤਾ, ਵਿਸ਼ਾਲ ਸਿੰਘ, ਆਕਾਸ਼ ਸਿੰਘ, ਅਤੁਲ ਸੇਂਗਰ ਅਤੇ ਰਾਜੀਵ ਹਨ। ਲਕਸ਼ਮੀ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਲੈਪਟਾਪ, ਮੋਬਾਇਲ ਫੋਨ, ਕਰੀਬ 13 ਲੱਖ ਰੁਪਏ ਨਕਦ, ਮੋਬਾਇਲ ਦੇ ਸਿਮ ਕਾਰਡ, ਫਰਜ਼ੀ ਦਸਤਾਵੇਜ਼ ਆਦਿ ਬਰਾਮਦ ਹੋਏ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਲੋਕ ਇੰਟਰਨੈੱਟ ਦੇ ਮਾਧਿਅਮ ਨਾਲ ਲੋਕਾਂ ਦਾ ਅੰਕੜਾ ਖੋਜਦੇ ਹਨ ਅਤੇ ਕਰੀਬ 10 ਲੱਖ ਲੋਕਾਂ ਦਾ ਅੰਕੜਾ ਇਨ੍ਹਾਂ ਲੋਕਾਂ ਨੇ ਆਪਣੇ ਲੈਪਟਾਪ 'ਚ ਸੁਰੱਖਿਅਤ ਰੱਖਿਆ ਹੈ। ਲਕਸ਼ਮੀ ਸਿੰਘ ਅਨੁਸਾਰ, ਇਨ੍ਹਾਂ ਲੋਕਾਂ ਨੇ ਦੱਸਿਆ ਕਿ ਹੁਣ ਤੱਕ 2,650 ਕੰਪਨੀਆਂ ਫਰਜ਼ੀ ਤਰੀਕੇ ਨਾਲ ਬਣਾ ਕੇ ਇਹ ਲੋਕ ਵੇਚ ਚੁੱਕੇ ਹਨ, ਜਦੋਂ ਕਿ ਅਜਿਹੀਆਂ 800 ਕੰਪਨੀਆਂ ਹੋਰ ਹਨ ਜੋ ਵੇਚੀਆਂ ਜਾਣੀਆਂ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਕ ਅਨੁਮਾਨ ਅਨੁਸਾਰ ਹਜ਼ਾਰਾਂ ਕਰੋੜ ਰੁਪਏ ਦਾ ਟੈਕਸ ਚੋਰੀ ਦੋਸ਼ੀਆਂ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News