ਆਵਾਰਾ ਕੁੱਤਿਆਂ ਦੀ ਦਹਿਸ਼ਤ, 777 ਲੋਕਾਂ ਨੂੰ ਵੱਢਿਆ
Wednesday, Dec 04, 2024 - 04:20 PM (IST)
ਭੁਵਨੇਸ਼ਵਰ- ਓਡੀਸ਼ਾ ਵਿਧਾਨ ਸਭਾ ਵਿਚ ਬੁੱਧਵਾਰ ਨੂੰ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਜਨਵਰੀ 2023 ਤੋਂ ਅਕਤੂਬਰ 2024 ਦਰਮਿਆਨ ਸੂਬੇ ਵਿਚ ਕੁੱਤਿਆਂ ਦੇ ਕੱਟਣ ਦੇ 5.20 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਆਵਾਰਾ ਜਾਂ ਪਾਲਤੂ ਕੁੱਤਿਆਂ ਨੇ ਰੋਜ਼ਾਨਾ ਔਸਤਨ 777 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਰਾਏਗੜਾ ਤੋਂ ਕਾਂਗਰਸ ਵਿਧਾਇਕ ਕਦਰਾਕਾ ਅਪਾਲਾ ਸਵਾਮੀ ਦੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਕਾਸ ਮੰਤਰੀ ਗੋਕੁਲਾਨੰਦ ਮਲਿਕ ਨੇ ਕਿਹਾ ਕਿ ਇਨ੍ਹਾਂ 22 ਮਹੀਨਿਆਂ ਦੌਰਾਨ ਓਡੀਸ਼ਾ ਵਿਚ ਕੁੱਤਿਆਂ ਦੇ ਕੱਟਣ ਦੇ ਕੁੱਲ 5,20,237 ਮਾਮਲੇ ਸਾਹਮਣੇ ਆਏ ਹਨ। ਸਾਲ 2023 ਦੌਰਾਨ ਕੁੱਤਿਆਂ ਦੇ ਕੱਟਣ ਦੇ 2,59,107 ਮਾਮਲੇ ਦਰਜ ਕੀਤੇ ਗਏ ਸਨ ਜਦਕਿ ਜਨਵਰੀ ਤੋਂ ਅਕਤੂਬਰ 2024 ਤੱਕ ਅਜਿਹੇ 2,43,565 ਮਾਮਲੇ ਦਰਜ ਕੀਤੇ ਗਏ ਸਨ। ਸਾਲ 2024 ਦੌਰਾਨ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਜਨਵਰੀ ਵਿਚ 33,547, ਫਰਵਰੀ 'ਚ 32,561 ਅਤੇ ਮਾਰਚ 'ਚ 29,801 ਦਰਜ ਕੀਤੀ ਗਈ ਸੀ। ਪਸ਼ੂ ਧਨ ਜਨਗਣਨਾ 2019 ਮੁਤਾਬਕ ਓਡੀਸ਼ਾ 'ਚ 17.34 ਲੱਖ ਆਵਾਰਾ ਕੁੱਤੇ ਹਨ।