ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਬੋਲੇ ਪੀ. ਐੱਮ. ਮੋਦੀ- ਛੋਟਾ ਕਿਸਾਨ, ਬਣੇ ਦੇਸ਼ ਦੀ ਸ਼ਾਨ

08/15/2021 9:14:40 AM

ਨਵੀਂ ਦਿੱਲੀ— 75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ 8ਵੀਂ ਵਾਰ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਨਵਾਂ ਮੰਤਰ ਦਿੱਤਾ। ਉਨ੍ਹਾਂ ਨੇ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ’ਚ ਹੁਣ ‘ਸਾਰਿਆਂ ਦੀ ਕੋਸ਼ਿਸ਼’ ਸ਼ਬਦ ਵੀ ਜੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਕਲਪ ਨਾਲ ਅਸੀਂ ਆਪਣੇ ਟੀਚੇ ਨੂੰ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਦੇਸ਼ ਦੀ ਸ਼ਾਨ ਬਣਾਉਣ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਜ਼ਮੀਨ ਘਟਦੀ ਜਾ ਰਹੀ ਹੈ। 80 ਫ਼ੀਸਦੀ ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਲੋਕਾਂ ਦੀ ਆਬਾਦੀ ਵਧੀ ਹੈ। ਕਿਸਾਨਾਂ ਦਾ ਜਿੰਨਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਉਹ ਨਹੀਂ ਹੋ ਸਕਿਆ।

ਸਰਕਾਰ ਦਾ ਟੀਚਾ ਸਾਰਿਆਂ ਤੱਕ ਸਸਤਾ ਕਰਜ਼, ਕ੍ਰੇਡਿਟ ਕਾਰਡ, ਫ਼ਸਲ ਬੀਮਾ, ਮੰਡੀ, ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪਹੁੰਚਾਉਣਾ ਹੈ। ਕਿਸਾਨਾਂ ਦੀ ਸਮੂਹਿਕ ਸ਼ਕਤੀ ਵਧਾਉਣੀ ਹੋਵੇਗੀ। ਇਸ ਲਈ 70 ਤੋਂ ਜ਼ਿਆਦਾ ਰੇਲ ਮਾਰਗਾਂ ’ਤੇ ਕਿਸਾਨ ਰੇਲ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਸਮੂਹਿਕ ਕੋਸ਼ਿਸ਼ ਕਰਨੀ ਹੋਵੇਗੀ। ਮੋਦੀ ਨੇ 80 ਫ਼ੀਸਦੀ ਕਿਸਾਨਾਂ ਦੇ ਵਿਕਾਸ ਦਾ ਨਾਅਰਾ ਦਿੰਦੇ ਹੋਏ ਕਿਹਾ ਕਿ ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅਗਲੀ ਪੀੜ੍ਹੀ ਦਾ ਬੁਨਿਆਦੀ ਢਾਂਚਾ, ਵਿਸ਼ਵ ਪੱਧਰੀ ਨਿਰਮਾਣ, ਨਵੇਂ ਜ਼ਮਾਨੇ ਦੀ ਤਕਨੀਕ ਲਈ ਕੰਮ ਕਰਨਾ ਹੋਵੇਗਾ, ਜੋ ਵੀ ਬਣਾਓ ਬੈਸਟ ਬਣਾਓ, ਜੋ ਗਲੋਬਲ ਪੱਧਰ ’ਤੇ ਟਿਕ ਸਕੇ। ਹਰ ਪ੍ਰੋਡਕਟ ਨਾਲ ਸਿਰਫ਼ ਕੰਪਨੀ ਦਾ ਨਾਮ ਨਹੀਂ ਜਾਂਦਾ, ਇਸ ਨਾਲ ਦੇਸ਼ ਦੀ ਇਮੇਜ਼ ਜੁੜੀ ਹੁੰਦੀ ਹੈ। ਹਰ ਪ੍ਰੋਡਕਟ ਦੇਸ਼ ਦਾ ਬਰਾਂਡ ਅੰਬੈਂਸਡਰ ਹੈ।


Tanu

Content Editor

Related News