ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਲੋਹਾ ਲੈਣ ਵਾਲੇ ITBP ਦੇ 20 ਜਵਾਨ ਹੋਣਗੇ ‘ਪੁਲਸ ਮੈਡਲ’ ਨਾਲ ਸਨਮਾਨਤ

08/14/2021 6:07:48 PM

ਨਵੀਂ ਦਿੱਲੀ— ਦੇਸ਼ ਭਲਕੇ 75ਵਾਂ ਆਜ਼ਾਦੀ ਦਿਹਾੜਾ ਮਨਾਏਗਾ। ਇਸ ਮੌਕੇ ਕਈ ਬਹਾਦਰ ਫ਼ੌਜੀ ਵੀਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।  ਲਾਲ ਕਿਲ੍ਹਾ ’ਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਸ਼ਟਰ ਦੇ ਨਾਮ ਸੰਬੋਧਨ ਹੋਵੇਗਾ, ਉੱਥੇ ਹੀ ਪੁਲਸ ਮੈਡਲਾਂ ਨਾਲ ਜਵਾਨਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇੰਡੋ-ਤਿੱਬਤੀ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ 23 ਜਵਾਨਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਵੀਰਤਾ ਦੇ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ’ਚੋਂ 20 ਜਵਾਨ ਉਹ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਮਈ-ਜੂਨ ਮਹੀਨੇ ’ਚ ਲੱਦਾਖ ’ਚ ਚੀਨੀ ਫ਼ੌਜ ਨਾਲ ਦੋ-ਦੋ ਹੱਥ ਕੀਤੇ ਸਨ। 
ਆਈ. ਟੀ. ਬੀ. ਪੀ. ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਰਹੱਦ ’ਤੇ ਸੁਰੱਖਿਆ ਜ਼ਿੰਮੇਵਾਰੀ ਲਈ ਜਵਾਨਾਂ ਨੂੰ ਬਹਾਦਰੀ ਲਈ ਦਿੱਤੇ ਗਏ ਹੁਣ ਤੱਕ ਦੇ ਸਭ ਤੋਂ ਵੱਧ ਵੀਰਤਾ ਮੈਡਲ ਹਨ। ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ’ਤੇ ਦੇਸ਼ ਦੀ ਸੇਵਾ ਅਤੇ ਬਲੀਦਾਨ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਹੁੰਦਾ ਹੈ। 

PunjabKesari

ਪੂਰੀ ਰਾਤ ਲੜਦੇ ਰਹੇ ਸਨ ਆਈ. ਟੀ. ਬੀ. ਪੀ. ਦੇ ਜਵਾਨ—
ਪੂਰਬੀ ਲੱਦਾਖ ਵਿਚ 15-16 ਜੂਨ ਦੀ ਦਰਮਿਆਨੀ ਰਾਤ ਨੂੰ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਪੂਰਬੀ ਲੱਦਾਖ ਵਿਚ ਚੀਨੀ ਫ਼ੌਜੀਆਂ ਦੀ ਹਿਮਾਕਤ ਦਾ ਭਾਰਤੀ ਫ਼ੌਜ ਦੇ ਨਾਲ-ਨਾਲ ਆਈ. ਟੀ. ਬੀ. ਪੀ. ਨੇ ਵੀ ਮੂੰਹ ਤੋੜ ਜਵਾਬ ਦਿੱਤਾ ਸੀ। ਆਈ. ਟੀ. ਬੀ. ਪੀ. ਮੁਤਾਬਕ ਗਲਵਾਨ ਵਿਚ ਜਦੋਂ ਚੀਨੀ ਫ਼ੌਜੀਆਂ ਨੇ ਪੱਥਰਾਂ ਨਾਲ ਹਮਲਾ ਕੀਤਾ, ਉਦੋਂ ਸਾਡੇ ਜਵਾਨ ਪੂਰੀ ਰਾਤ ਲੜੇ ਅਤੇ ਮੂੰਹ ਤੋੜ ਜਵਾਬ ਦਿੱਤਾ। ਕੁਝ ਥਾਵਾਂ ’ਤੇ ਆਈ. ਟੀ. ਬੀ. ਪੀ. ਜਵਾਨ 17-20 ਘੰਟਿਆਂ ਤੱਕ ਚੀਨੀ ਫ਼ੌਜੀਆਂ ਦੇ ਛੱਕੇ ਛੁਡਾਉਂਦੇ ਰਹੇ। 

PunjabKesari

ਇਸ ਵਾਰ 1380 ਪੁਲਸ ਮੈਡਲਾਂ ਦਾ ਐਲਾਨ—
ਇਸ ਵਾਰ 1380 ਪੁਲਸ ਮੈਡਲਾਂ ਦਾ ਐਲਾਨ ਹੋਇਆ ਹੈ, ਜਿਸ ’ਚ 2 ਵੀਰਤਾ ਲਈ ਰਾਸ਼ਟਰਪਤੀ ਦਾ ਪੁਲਸ ਮੈਡਲ (ਪੀ. ਪੀ. ਐੱਮ. ਜੀ.), ਵੀਰਤਾ ਲਈ 628 ਪੁਲਸ ਮੈਡਲ, ਵਿਸ਼ੇਸ਼ ਸੇਵਾ ਲਈ 88 ਰਾਸ਼ਟਰਪਤੀ ਪੁਲਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਲਈ 662 ਪੁਲਸ ਮੈਡਲ ਸ਼ਾਮਲ ਹਨ।
ਵੀਰਤਾ ਲਈ 628 ਪੁਲਸ ਮੈਡਲਾਂ ’ਚੋਂ ਸਭ ਤੋਂ ਵੱਧ ਜੰਮੂ-ਕਸ਼ਮੀਰ ਨੂੰ 256 ਪੁਰਸਕਾਰ, ਸੀ. ਆਰ. ਪੀ. ਐੱਫ. ਨੂੰ 151, ਆਈ. ਟੀ. ਬੀ. ਪੀ. ਨੂੰ 23 ਵੀਰਤਾ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਓਡੀਸ਼ਾ ਪੁਲਸ ਨੂੰ 67, ਮਹਾਰਾਸ਼ਟਰ ਪੁਲਸ ਨੂੰ 25 ਅਤੇ ਛੱਤੀਸਗੜ੍ਹ ਪੁਲਸ ਨੂੰ 20 ਪੁਰਸਕਾਰਾਂ ਨਾਲ ਨਵਾਜਿਆ ਜਾਵੇਗਾ।


Tanu

Content Editor

Related News