ਬਜ਼ੁਰਗਾਂ ਲਈ ਸੁਰੱਖਿਅਤ ਨਹੀਂ ਦਿੱਲੀ, 72 ਸਾਲਾ ਔਰਤ ਦਾ ਗਲਾ ਵੱਢ ਕੇ ਕਤਲ

Saturday, Jan 27, 2018 - 01:01 PM (IST)

ਬਜ਼ੁਰਗਾਂ ਲਈ ਸੁਰੱਖਿਅਤ ਨਹੀਂ ਦਿੱਲੀ, 72 ਸਾਲਾ ਔਰਤ ਦਾ ਗਲਾ ਵੱਢ ਕੇ ਕਤਲ

ਨਵੀਂ ਦਿੱਲੀ— ਗਣਤੰਤਰ ਦਿਵਸ 'ਤੇ ਜਦੋਂ ਲਾਲ ਕਿਲੇ ਦੇ ਚਾਰੇ ਪਾਸੇ ਸੁਰੱਖਿਆ ਦਾ ਘੇਰਾ ਸੀ, ਕੁਝ ਹੀ ਕਿਲੋਮੀਟਰ ਦੂਰ ਰਾਜਧਾਨੀ ਦੇ ਸ਼ਾਲੀਮਾਰ ਬਾਗ ਇਲਾਕੇ 'ਚ ਘਰ 'ਚ ਇਕੱਲੀ ਰਹਿ ਰਹੀ 72 ਸਾਲਾ ਬਜ਼ੁਰਗ ਔਰਤ ਆਪਣੇ ਘਰ ਦੇ ਅੰਦਰ ਹੀ ਸੁਰੱਖਿਅਤ ਨਹੀਂ ਸੀ। ਕਿਸੇ ਨੇ ਉਸ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਪੂਰੀ ਵਾਰਦਾਤ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਪੁਲਸ ਅਨੁਸਾਰ ਘਰ 'ਚ ਪਲੰਬਰ ਦਾ ਕੰਮ ਕਰਨ ਆਏ ਵਿਅਕਤੀ 'ਤੇ ਬਜ਼ੁਰਗ ਔਰਤ ਦੇ ਕਤਲ ਦਾ ਸ਼ੱਕ ਹੈ। ਫਿਲਹਾਲ ਪੁਲਸ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ 'ਚ ਜੁਟ ਗਈ ਹੈ। ਜ਼ਿਲੇ ਦੀ ਡੀ.ਸੀ.ਪੀ. ਵੀ ਮੌਕੇ 'ਤੇ ਪੁੱਜੀ ਅਤੇ ਵਾਰਦਾਤ ਦਾ ਜਾਇਜ਼ਾ ਲਿਆ। ਪੁਲਸ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ 2 ਬੇਟੇ ਅਤੇ ਇਕ ਬੇਟੀ ਹੈ, ਹਾਲਾਂਕਿ ਉਹ ਘਰ 'ਚ ਇਕੱਲੀ ਰਹਿੰਦੀ ਸੀ। ਮ੍ਰਿਤਕਾ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਦੋਵੇਂ ਬੇਟੇ ਅਤੇ ਇਕ ਬੇਟੀ ਦਾ ਵਿਆਹ ਹੋ ਚੁਕਿਆ ਹੈ। ਦੋਵੇਂ ਬੇਟੇ ਆਪਣੇ-ਆਪਣੇ ਪਰਿਵਾਰ ਨਾਲ ਵੱਖ-ਵੱਖ ਰਹਿੰਦੇ ਹਨ। ਸ਼ੁੱਕਰਵਾਰ ਨੂੰ ਛੁੱਟੀ ਹੋਣ ਕਾਰਨ ਮ੍ਰਿਤਕਾ ਦਾ ਪੋਤਾ ਉਸ ਨੂੰ ਮਿਲਣ ਆਇਆ ਸੀ ਪਰ ਘਰ ਦਾ ਮੇਨ ਗੇਟ ਅੰਦਰੋਂ ਲਾਕ ਸੀ ਅਤੇ ਜਦੋਂ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਹ ਪਿਛਲੇ ਦਰਵਾਜ਼ੇ ਰਾਹੀਂ ਜਿਵੇਂ ਹੀ ਅੰਦਰ ਗਿਆ, ਉਸ ਦੇ ਹੋਸ਼ ਉੱਡ ਗਏ।
ਘਰ ਦੇ ਅੰਦਰ ਔਰਤ ਖੂਨ ਨਾਲ ਲੱਥਪੱਥ ਪਈ ਸੀ ਅਤੇ ਸਾਰਾ ਸਾਮਾਨ ਬਿਖਰਿਆ ਹੋਇਆ ਸੀ। ਨਾਲ ਹੀ ਅਲਮਾਰੀ 'ਚ ਰੱਖੇ ਗਹਿਣੇ ਅਤੇ ਨਕਦੀ ਵੀ ਗਾਇਬ ਸਨ। ਮ੍ਰਿਤਕਾ ਦੇ ਬੇਟੇ ਨੇ ਪੁਲਸ ਨੂੰ ਸੂਚਨਾ ਦਿੱਤੀ। ਸਥਾਨਕ ਲੋਕਾਂ ਨੇ ਵੀ ਮੋਟਰ ਦੀ ਮੁਰੰਮਤ ਕਰਨ ਆਏ ਪਲੰਬਰ 'ਤੇ ਹੀ ਕਤਲ ਅਤੇ ਲੁੱਟ ਦਾ ਸ਼ੱਕ ਜ਼ਾਹਰ ਕੀਤਾ ਹੈ। ਨੇੜੇ-ਤੇੜੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਲਗਾਤਾਰ ਕੁਝ ਦਿਨਾਂ ਤੋਂ ਆ ਰਿਹਾ ਸੀ ਅਤੇ ਘਟਨਾ ਵਾਲੇ ਦਿਨ ਸ਼ਾਮ ਨੂੰ ਵੀ ਉਹ ਆਇਆ ਸੀ ਅਤੇ ਉੱਪਰ ਪਾਣੀ ਦੀ ਟੈਂਕੀ ਠੀਕ ਕਰਨ ਵੀ ਗਿਆ ਸੀ। ਪੁਲਸ ਨੇ ਘਰ ਦੇ ਪਿੱਛੇ ਵੱਲ ਗਲੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਉਸ 'ਚ ਇਕ ਸ਼ੱਕੀ ਦੀਆਂ ਤਸਵੀਰਾਂ ਦਿਖਾਈਆਂ ਦਿੱਤੀਆਂ। ਗੁਆਂਢੀ ਚਸ਼ਮਦੀਦ ਨੇ ਵੀ ਫੁਟੇਜ ਦੇਖ ਕੇ ਦੱਸਿਆ ਹੈ ਕਿ ਫੁਟੇਜ 'ਚ ਦਿੱਸ ਰਿਹਾ ਸ਼ਖਸ ਹੀ ਮ੍ਰਿਤਕਾ ਦੇ ਘਰ ਆਇਆ ਸੀ। ਔਰਤ ਦੇ ਰਾਜੇਸ਼ ਅਤੇ ਸੰਜੇ ਨਾਂ ਦੇ 2 ਬੇਟੇ ਹਨ, ਜੋ ਕੁਝ ਦੂਰੀ 'ਤੇ ਹੀ ਆਪਣੇ-ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਸੂਤਰਾਂ ਅਨੁਸਾਰ ਵੱਡੇ ਬੇਟੇ ਨੇ ਇਹ ਮੰਨਿਆ ਹੈ ਕਿ ਉਸ ਨੇ ਆਪਣੇ ਇਕ ਜਾਣਕਾਰ ਪਲੰਬਰ ਨੂੰ ਪਾਣੀ ਦਾ ਮੋਟਰ ਠੀਕ ਕਰਨ ਲਈ ਭੇਜਿਆ ਸੀ।


Related News