ਬੁਲੇਟ ਟਰੇਨ ਦੇ 72 ਫ਼ੀਸਦੀ ਠੇਕੇ ਭਾਰਤੀ ਕੰਪਨੀਆਂ ਨੂੰ ਦਿੱਤੇ ਜਾਣਗੇ: ਰੇਲਵੇ
Saturday, Nov 28, 2020 - 02:11 AM (IST)
ਨਵੀਂ ਦਿੱਲੀ : ਰੇਲਵੇ ਬੋਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵੀ.ਕੇ. ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਬੜਾਵਾ ਦੇਣ ਦੇ ਤਹਿਤ ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਚਲਾਈ ਜਾਣ ਵਾਲੀ ਬੁਲੇਟ ਟਰੇਨ ਪ੍ਰਾਜੈਕਟ ਨਾਲ ਸਬੰਧਿਤ 72 ਫ਼ੀਸਦੀ ਠੇਕੇ ਸਥਾਨਕ ਕੰਪਨੀਆਂ ਨੂੰ ਦਿੱਤੇ ਜਾਣਗੇ।
ਐਸੋਚੈਮ ਦੁਆਰਾ ਆਯੋਜਿਤ ਇੱਕ ਵੈਬੀਨਾਰ ਦੌਰਾਨ ਯਾਦਵ ਨੇ ਕਿਹਾ ਕਿ ਪੁੱਲ ਅਤੇ ਸੁਰੰਗ ਬਣਾਉਣ ਵਰਗੇ ਉੱਚ ਮੁੱਲਾਂ ਦੇ ਜ਼ਿਆਦਾਤਰ ਤਕਨੀਕੀ ਕਾਰਜ ਭਾਰਤੀ ਠੇਕੇਦਾਰਾਂ ਦੁਆਰਾ ਸੰਭਾਲੇ ਜਾਣਗੇ ਜਦੋਂ ਕਿ ਸਿਗਨਲ ਅਤੇ ਟੈਲੀਕਾਮ ਨਾਲ ਸਬੰਧਿਤ ਕੰਮ ਜਾਪਾਨੀ ਕੰਪਨੀਆਂ ਵੱਲੋਂ ਸੰਭਾਲੇ ਜਾਣਗੇ।
ਬੁਲੇਟ ਟਰੇਨ ਦੇ 508 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਲਈ ਆਉਣ ਵਾਲੀ ਅਨੁਮਾਨਿਤ ਲਾਗਤ 1.10 ਲੱਖ ਕਰੋੜ ਹੋਵੇਗੀ, ਜਿਸ 'ਚੋਂ 88,000 ਕਰੋੜ ਦੀ ਰਾਸ਼ੀ ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ (ਜੇ.ਆਈ.ਸੀ.ਏ.) ਦੁਆਰਾ ਭਾਰਤ ਨੂੰ ਕੰਮ ਦੇ ਤੌਰ 'ਤੇ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, ਜਾਪਾਨ ਦੀ ਸਰਕਾਰ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਅਸੀਂ ਪੂਰੇ ਪ੍ਰਾਜੈਕਟ ਦਾ 72 ਫ਼ੀਸਦੀ ਠੇਕਾ ਭਾਰਤੀ ਕੰਪਨੀਆਂ ਲਈ ਰੱਖਿਆ ਹੈ।