ਸੰਸਦ ’ਚ ਫਿਰ ਕੋਰੋਨਾ ਬਲਾਸਟ, ਬਜਟ ਸੈਸ਼ਨ ਤੋਂ ਪਹਿਲਾਂ 718 ਕਾਮੇਂ ਹੋਏ ਪਾਜ਼ੇਟਿਵ
Thursday, Jan 13, 2022 - 01:50 PM (IST)
ਨੈਸ਼ਨਲ ਡੈਸਕ– ਦੇਸ਼ ਭਰ ’ਚ ਕੋਰੋਨਾ ਆਪਣਾ ਕਹਿਰ ਵਰਾ ਰਿਹਾ ਹੈ। ਬੀਤੇ 24 ਘੰਟਿਆਂ ’ਚ ਦੇਸ਼ ’ਚ 2 ਲੱਖ ਤੋਂ ਜ਼ਿਆਦਾ ਮਾਮਲੇ ਆਏ ਹਨ। ਉਥੇ ਹੀ ਸੰਸਦ ਭਵਨ ਵੀ ਕੋਰੋਨਾ ਦੀ ਚਪੇਟ ਤੋਂ ਬਚ ਨਹੀਂ ਸਕਿਆ। ਬਜਟ ਸੈਸ਼ਨ ਸ਼ੁਰੂ ਹੋਣ ’ਚ ਜ਼ਿਆਦਾ ਦਿਨ ਨਹੀਂ ਬਚੇ ਪਰ ਇਸ ਦਰਮਿਆਨ ਸੰਸਦ ਭਵਨ ਦੇ ਸੈਂਕੜੇ ਕਾਮੇਂ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। ਸੰਸਦ ਭਵਨ ਨਾਲ ਜੁੜੇ ਸੂਤਰਾਂ ਮੁਤਾਬਕ, ਕੋਰੋਨਾ ਦੀ ਤੀਜੀ ਲਹਿਰ ਦੌਰਾਨ ਪਿਛਲੇ ਇਕ ਮਹੀਨੇ ’ਚ ਸੰਸਦ ਭਵਨ ਦੇ 718 ਕਾਮੇਂ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪਿਛਲੇ ਦੋ ਹਫਤਿਆਂ ਦੌਰਾਨ ਇਨਫੈਕਟਿਡ ਹੋਏ ਹਨ।
9 ਜਨਵਰੀ ਤਕ ਕਰੀਬ 400 ਕਾਮੇਂ ਕੋਰੋਨਾ ਇਨਫੈਕਟਿਡ ਸਨ ਪਰ ਬੁੱਧਵਾਰ ਨੂੰ ਇਹ ਅੰਕੜਾ 700 ਤੋਂ ਪਾਰ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ’ਚ ਹੀ ਇਨ੍ਹਾਂ ਅੰਕੜਿਆਂ ’ਚ ਕਰੀਬ 43 ਫੀਸਦੀ ਦਾ ਵਾਧਾ ਹੋਇਆ ਹੈ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਪੀੜਤਾਂ ’ਚੋਂ ਕਰੀਬ 200 ਕਾਮੇਂ ਰਾਜ ਸਭਾ ਦੇ ਹਨ। ਬਾਕੀ ਲੋਕ ਸਭਾ ਅਤੇ ਹੋਰ ਮਹਿਕਮਿਆਂ ਨਾਲ ਜੁੜੇ ਦੱਸੇ ਜਾ ਰਹੇ ਹਨ। ਲੋਕ ਸਭਾ ਅਤੇ ਰਾਜ ਸਭਾ ਨੇ ਆਪਣੇ ਇਕ ਤਿਹਾਈ ਕਾਮਿਆਂ ਨੂੰ ਘਰੋਂ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜਦਕਿ 50 ਫੀਸਦੀ ਅਧਿਕਾਰੀਆਂ ਨੂੰ ਘਰੋਂ ਕੰਮ ਕਰਨ ਦੀ ਮਨਜ਼ੂਰੀ ਹੈ। ਦੱਸ ਦੇਈਏ ਕਿ 1 ਫਰਵਰੀ ਨੂੰ ਆਮ ਬਜਟ ਪੇਸ਼ ਹੁੰਦਾ ਹੈ।