ਬਜ਼ੁਰਗ ਨੇ ਕਰ ਦਿੱਤਾ ਕਮਾਲ, 70 ਸਾਲ ਦੀ ਉਮਰ ’ਚ ਬਣਾਇਆ ਅਨੋਖਾ ਰਿਕਾਰਡ

Monday, Nov 29, 2021 - 06:44 PM (IST)

ਮਥੁਰਾ- ਕੀ ਤੁਸੀਂ ਸੂਰਜ ਨੂੰ ਇਕ ਘੰਟੇ ਤੱਕ ਨੰਗੀਆਂ ਅੱਖਾਂ ਨਾਲ ਵੇਖ ਸਕਦੇ ਹੋ? ਤੁਸੀਂ ਇਸ ਨੂੰ ਅਸੰਭਵ ਕਹੋਗੇ ਪਰ ਕ੍ਰਿਸ਼ਨ ਦੀ ਨਗਰੀ ਮਥੁਰਾ ਦੇ ਬਜ਼ੁਰਗ ਨੇ ਅਜਿਹਾ ਕਰ ਵਿਖਾਇਆ ਹੈ। ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ। ਬਜ਼ੁਰਗ ਨੇ ਬਿਨਾਂ ਪਲਕਾਂ ਝਪਕਾਏ ਲਗਾਤਾਰ ਇਕ ਘੰਟੇ ਤੱਕ ਸੂਰਜ ਨੂੰ ਵੇਖਿਆ। ਡਿਪਟੀ ਕਮਿਸ਼ਨਰ ਸੇਲਸ ਟੈਕਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ 70 ਸਾਲਾ ਮਹਿੰਦਰ ਸਿੰਘ ਵਰਮਾ ਨੇ ਇਸ ਤਰ੍ਹਾਂ ਇਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਇਕ ਘੰਟੇ ਤੱਕ ਬਿਨਾਂ ਪਲਕਾਂ ਝਪਕਾਏ ਸੂਰਜ ਨੂੰ ਵੇਖਦੇ ਰਹੇ। ਇਸ ਤੋਂ ਬਾਅਦ ਵੀ ਵਰਮਾ ਦੀਆਂ ਅੱਖਾਂ ਠੀਕ ਹਨ, ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਹਸਪਤਾਲ ਦੇ ਡਾ. ਸਚਿਨ ਕੇ. ਸ਼ਰਮਾ ਨੇ ਅੱਖਾਂ ਦੀ ਜਾਂਚ ਤੋਂ ਬਾਅਦ ਕੀਤੀ। ਇਕ ਘੰਟੇ ਤੱਕ ਸੂਰਜ ਨੂੰ ਵੇਖਣ ਦੌਰਾਨ ਗਲੋਬਲ ਰਿਕਾਰਡ ਐਂਡ ਰਿਸਰਚ ਫਾਊਂਡੇਸ਼ਨ ਦੀ ਇਕ ਟੀਮ ਅਤੇ ਸਰਕਾਰੀ ਡਾਕਟਰ ਵੀ ਮੌਜੂਦ ਰਹੇ। 

PunjabKesari

ਵਰਮਾ ਨੇ ਕਿਹਾ ਕਿ ਨੈਸ਼ਨਲ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਾਉਣ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚੁਣੌਤੀ ਦਿੱਤੀ ਹੈ ਕਿ ਦੁਨੀਆ ਵਿਚ ਕੋਈ ਵੀ ਉਨ੍ਹਾਂ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਇਸ ਕਿਰਿਆ ਨੂੰ ਯੋਗ ਦੀ ਤਾਂਤਰਿਕ ਪ੍ਰਕਿਰਿਆ ਨਾਲ ਸਬੰਧਤ ਦੱਸਿਆ। ਉਨ੍ਹਾਂ ਕਿਹਾ ਕਿ ਇਕ ਘੰਟੇ ਦਾ ਰਿਕਾਰਡ ਬਣਾਉਣ ਤੋਂ ਪਹਿਲਾਂ 21 ਜਨਵਰੀ 2019 ਨੂੰ ਪ੍ਰਦੀਪ ਬੇਲਗਾਵੀ ਨੇ ਬਿਨਾਂ ਪਲਕਾਂ ਝਪਕਾਏ ਲਗਾਤਾਰ 10 ਮਿੰਟ ਤੱਕ ਸੂਰਜ ਨੂੰ ਵੇਖਣ ਦਾ ਰਿਕਾਰਡ ਬਣਾਇਆ ਸੀ।

ਗੁਰੂ ਤੋਂ ਮਿਲੀ ਸੀ ਪ੍ਰੇਰਣਾ—
ਵਰਮਾ ਨੇ ਦੱਸਿਆ ਕਿ ਮੈਂ 21 ਸਾਲ ਪਹਿਲਾਂ ਗੁਰੂ ਬਾਲ ਮੁਕੁੰਦ ਮਹਾਰਾਜ ਤੋਂ ਪ੍ਰੇਰਣਾ ਲਈ। ਹਰ ਵਿਅਕਤੀ ਵਿਚ ਤੀਜਾ ਨੇਤਰ ਹੁੰਦਾ ਹੈ। ਹਰ ਵਿਅਕਤੀ ਸੂਰਜ ਨਾਲ ਅੱਖਾਂ ਮਿਲਾ ਸਕਦਾ ਹੈ। ਜਦੋਂ ਮੈਂ ਇਹ ਜਗਿਆਸਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਦੀਵੇ ਦੀ ਲੌਅ ਨਾਲ ਅੱਖ ਮਿਲਾਉਣ ਦਾ ਅਭਿਆਸ ਕਰੋ। 21 ਸਾਲ ਪਹਿਲਾਂ 5 ਸਾਲ ਤੱਕ ਦੀਵੇ ਦੀ ਲੌਅ ਨਾਲ ਅੱਖਾਂ ਮਿਲਾਈਆਂ। ਫਿਰ ਸੂਰਜ ਦੇ ਸਾਹਮਣੇ ਥੋੜ੍ਹੀ-ਥੋੜ੍ਹੀ ਅੱਖ ਮਿਲਾਉਣ ਲੱਗਾ। 7 ਸਾਲਾਂ ਤੋਂ ਰੋਜ਼ਾਨਾ ਸੂਰਜ ਦੇ ਸਾਹਮਣੇ ਅੱਖ ਖੋਲ੍ਹ ਕੇ ਬੈਠਦਾ ਹਾਂ। ਮੇਰੀ ਅੱਖ ਵਿਚ ਕੋਈ ਦਿੱਕਤ ਨਹੀਂ ਹੈ।
 


Tanu

Content Editor

Related News