73 ਫੀਸਦੀ ਲੋਕ PM ਮੋਦੀ ਦੀ ਸਰਕਾਰ ਦੇ ਕੰਮਕਾਜ ਤੋਂ ਖੁਸ਼, ਕਿਹਾ- ਭ੍ਰਿਸ਼ਟਾਚਾਰ ਮੁਕਤ ਸ਼ਾਸਨ
Saturday, May 27, 2023 - 10:10 AM (IST)
ਨਵੀਂ ਦਿੱਲੀ (ਅਨਸ)- ਇਕ ਸਰਵੇਖਣ ’ਚ ਘੱਟੋ-ਘੱਟ 73.02 ਫੀਸਦੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪਹਿਲਾਂ ਕਾਰਜਭਾਰ ਸੰਭਾਲਣ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਕੰਮਾਂ ਤੋਂ ਸੰਤੁਸ਼ਟ ਹਨ, ਜਦਕਿ 25.8 ਫੀਸਦੀ ਲੋਕ ਇਸ ਤੋਂ ਉਲਟ ਮਹਿਸੂਸ ਕਰਦੇ ਹਨ। 53.8 ਫੀਸਦੀ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਸ਼ਾਸਨ ਨੇ ਆਪਣੇ ਆਲੋਚਕਾਂ ਦੇ ਦੋਸ਼ਾਂ ਦੇ ਬਾਵਜੂਦ ਇਕ ਸਾਫ਼ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਬਣਾਈ ਰੱਖਿਆ ਹੈ। 37.3 ਫੀਸਦੀ ਉੱਤਰਦਾਤਾਵਾਂ ਨੂੰ ਇਸ ਦੇ ਉਲਟ ਲੱਗਦਾ ਹੈ ਜਦੋਂ ਕਿ 8.9 ਫੀਸਦੀ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਟਿੱਪਣੀ ਨਹੀਂ ਕਰ ਸਕਦੇ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸੀ-ਵੋਟਰ ਵੱਲੋਂ ਕਰਵਾਏ ਗਏ ਆਲ ਇੰਡੀਆ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ। ਨਰਿੰਦਰ ਮੋਦੀ ਨੇ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਰਵੇਖਣ ਮੁਤਾਬਕ ਪੇਂਡੂ ਖੇਤਰਾਂ ਤੋਂ 55.2 ਫੀਸਦੀ ਅਤੇ ਸ਼ਹਿਰੀ ਖੇਤਰਾਂ ਤੋਂ 50.5 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ : ਕਾਂਗਰਸ ਨੇ ਸਰਕਾਰ ਤੋਂ ਪੁੱਛੇ 9 ਸਵਾਲ, ਪ੍ਰਧਾਨ ਮੰਤਰੀ ਤੋਂ ਕੀਤੀ ਮੁਆਫ਼ੀ ਦੀ ਮੰਗ
ਸਰਵੇਖਣ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 54 ਫੀਸਦੀ ਔਰਤਾਂ ਅਤੇ 53.6 ਫੀਸਦੀ ਪੁਰਸ਼ ਮੋਦੀ ਸਰਕਾਰ ਦੀ ਸਾਫ਼-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਨੂੰ ਕਾਇਮ ਰੱਖਣ ਦੇ ਹੱਕ ’ਚ ਹਨ, ਜਦੋਂ ਕਿ 39.6 ਫੀਸਦੀ ਪੁਰਸ਼ ਅਤੇ 35 ਫੀਸਦੀ ਔਰਤਾਂ ਇਸ ਤੋਂ ਉਲਟ ਮਹਿਸੂਸ ਕਰਦੀਆਂ ਹਨ। ਸਰਵੇਖਣ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਸਲਿਮ ਭਾਈਚਾਰੇ ’ਚ 63.2 ਫੀਸਦੀ, ਈਸਾਈ ਭਾਈਚਾਰੇ ’ਚ 56.1 ਫੀਸਦੀ ਅਤੇ ਸਿੱਖ ਭਾਈਚਾਰੇ ਦੇ 51.7 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸ਼ਾਸਨ ਨੇ ਪਿਛਲੇ 9 ਸਾਲਾਂ ’ਚ ਇਕ ਸਾਫ-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਅਕਸ ਨੂੰ ਬਰਕਰਾਰ ਨਹੀਂ ਰੱਖਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ