ਬਿਹਾਰ ''ਚ ਵੱਖ-ਵੱਖ ਸੜਕ ਹਾਦਸਿਆਂ ''ਚ 7 ਲੋਕਾਂ ਦੀ ਮੌਤ

02/23/2020 9:25:15 PM

ਦਰਭੰਗਾ/ਸਾਸਾਰਾਮ— ਬਿਹਾਰ ਦੇ ਰੋਹਤਾਸ ਅਤੇ ਦਰਭੰਗਾ ਜ਼ਿਲ੍ਹੇ 'ਚ ਐਤਵਾਰ ਨੂੰ ਹੋਏ ਦੋ ਸੜਕ ਹਾਦਸਿਆਂ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋ ਗਏ। ਦਰਭੰਗਾ ਜ਼ਿਲ੍ਹੇ ਦੇ ਪੁਲਸ ਡਿਪਟੀ ਸੁਪਰੀਡੈਂਟ ਅਨੋਜ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ-57 'ਤੇ ਕਕਰਘਾਟੀ ਪਿੰਡ ਦੇ ਨੇੜੇ ਇਕ ਕਾਰ ਡਿਵਾਇਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱੱਸਿਆ ਕਿ ਕਾਰ 'ਚ ਸਵਾਰ 6 ਲੋਕਾਂ 'ਚੋਂ ਪੰਜ ਇਕ ਹੀ ਪਰਿਵਾਰ ਦੇ ਸਨ ਜਦਕਿ ਇਕ ਹੋਰ ਪਰਿਵਾਰਕ ਦੋਸਤ ਸੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਗੰਭੀਰ ਜ਼ਖਮੀਆਂ ਨੂੰ ਦਰਭੰਗਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜੂ ਝਾ (45), ਉਨ੍ਹਾਂ ਦੀ ਮਾਂ ਰੇਖਾ ਦੇਵੀ (75) ਅਤੇ ਉਨ੍ਹਾਂ ਦੀ ਭੈਣ ਮਧੂ ਕੁਮਾਰੀ (22) ਦੇ ਰੂਪ ਵਜੋਂ ਹੋਈ ਹੈ। ਹਾਦਸੇ 'ਚ ਰਾਜੂ ਝਾ ਦੀ ਪਤਨੀ, ਉਨ੍ਹਾਂ ਦਾ ਤਿੰਨ ਸਾਲਾ ਲੜਕਾ ਅਤੇ ਪਰਿਵਾਰਕ ਦੋਸਤ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਲੋਕ ਬੱਚੇ ਦਾ ਜਨਮਦਿਨ ਮਨਾਉਣ ਲਈ ਮੁਜੱਫਰਪੁਰ ਤੋਂ ਸਹਰਸਾ 'ਚ ਆਪਣੇ ਪੈਤ੍ਰਕ ਪਿੰਡ ਜਾ ਰਹੇ ਸਨ।

ਦੁਸਰਾ ਸੜਕ ਹਾਦਸਾ ਨੈਸ਼ਨਲ ਹਾਈਵੇ-2 'ਤੇ ਓਵਾ ਪਿੰਡ ਨੇੜੇ ਵਾਪਰਿਆ। ਇਸ ਹਾਦਸੇ 'ਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਬਸ ਸੰਤਰਿਆਂ ਨਾਲ ਲਧੇ ਹੋਏ ਇਕ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਯਾਤਰੀ ਜ਼ਖਮੀ ਹੋ ਗਏ। ਰੋਹਤਾਸ ਜ਼ਿਲ੍ਹੇ 'ਚ ਸ਼ਿਵਸਾਗਰ ਪੁਲਸ ਥਾਣੇ ਦੇ ਐੱਸ.ਐੱਚ.ਓ. ਸਤਿੰਦਰ ਸਤਿਆਰਥੀ ਨੇ ਦੱਸਿਆ ਕਿ ਇਸ ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਵਿਕਰਮ ਪਾਲ (65), ਰੇਸ਼ਮਾ ਖਾਤੂਨ (55), ਮੁਖਤਾਰ ਖਾਨ (42), ਅਜਿਤ ਕੁਮਾਰ (38) ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਨਿੱਜੀ ਬਸ ਭਭੂਆ ਤੋਂ ਸਾਸਾਰਾਮ ਜਾ ਰਹੀ ਸੀ ਅਤੇ ਦੁਸਰੀ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਸਾਸਾਰਾਮ ਦੇ ਸਿਵਲ ਸਰਜਨ ਜਨ੍ਰਾਦਨ ਸ਼ਰਮਾ ਨੇ ਦੱਸਿਆ ਕਿ ਚਾਰੋ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜਿਆ ਗਿਆ ਹੈ।
 


KamalJeet Singh

Content Editor

Related News