‘ਯਮੁਨਾ ਐਕਸਪ੍ਰੈੱਸ-ਵੇਅ ’ਤੇ ਡਿਵਾਈਡਰ ਤੋੜ ਕੇ ਕਾਰ ’ਤੇ ਡਿੱਗਾ ਟੈਂਕਰ, 7 ਦੀ ਮੌਤ’
Thursday, Feb 25, 2021 - 01:20 AM (IST)

ਮਥੁਰਾ (ਮਾਨਵ) – ਐਕਸਪ੍ਰੈੱਸ-ਵੇਅ ’ਤੇ ਨੌਹਝੀਲ ਖੇਤਰ ਵਿਚ ਮਾਈਲਸਟੋਨ 68 ’ਤੇ ਡਿਵਾਈਡਰ ਨੂੰ ਤੋੜ ਕੇ ਇਕ ਆਇਲ ਟੈਂਕਰ ਦੂਜੀ ਪਾਸੇ ਕਾਰ ’ਤੇ ਜਾ ਡਿੱਗਾ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਪੁਲਸ ਅਤੇ ਐਕਸਪ੍ਰੈੱਸ-ਵੇਅ ਦੇ ਸੁਰੱਖਿਆ ਕਰਮਚਾਰੀਆਂ ਦੀ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ 7 ਲਾਸ਼ਾਂ ਨੂੰ ਕਾਰ ਵਿਚੋਂ ਕੱਢਿਆ। ਟੈਂਕਰ ਤੋਂ ਇਸ ਦੌਰਾਨ ਤੇਲ ਦਾ ਰਿਸਾਅ ਹੋ ਰਿਹਾ ਸੀ। ਚੌਕਸੀ ਵਜੋਂ ਐਕਸਪ੍ਰੈੱਸ-ਵੇਅ ’ਤੇ ਦੋਵਾਂ ਪਾਸਿਆਂ ਦੀ ਆਵਾਜਾਈ ਕੁਝ ਦੇਰ ਲਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਟੈਂਕਰ ਨੂੰ ਪਾਣੀ ਦੀਆਂ ਵਾਛੜਾਂ ਨਾਲ ਠੰਡਾ ਕੀਤਾ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਜੀਂਦ ਦਾ ਰਹਿਣ ਵਾਲਾ ਸੀ।