ਜ਼ਹਿਰੀਲਾ ਭੋਜਨ ਖਾਣ ਨਾਲ ਬਲਾਇੰਡ ਸਕੂਲ ਦੇ 7 ਬੱਚੇ ਦੀ ਸਿਹਤ ਵਿਗੜੀ, ਹਸਪਤਾਲ ''ਚ ਦਾਖ਼ਲ
Tuesday, Mar 07, 2023 - 04:43 PM (IST)
ਮੁੰਬਈ- ਵਿਕਟੋਰੀਆ ਮੈਮੋਰੀਅਲ ਬਲਾਇੰਡ ਸਕੂਲ, ਤਾਰਦੇਓ ਦੇ 7 ਬੱਚੇ ਜ਼ਹਿਰੀਲੇ ਭੋਜਨ ਦਾ ਸ਼ਿਕਾਰ ਹੋ ਗਏ। ਸਿਹਤ ਵਿਗੜਨ ਮਗਰੋਂ ਉਨ੍ਹਾਂ ਨਾਇਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬੀ. ਐੱਮ. ਸੀ. ਡਿਜ਼ਾਸਟਰ ਕੰਟਰੋਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਰਅਸਲ ਬੱਚਿਆਂ ਨੇ ਹੋਲੀ ਦੇ ਉਤਸਵ ਦੌਰਾਨ ਕੁਝ ਭੋਜਨ ਖਾਧਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਢਿੱਡ ਦਰਦ ਦੀ ਸ਼ਿਕਾਇਤ ਹੋਈ ਅਤੇ ਉਲਟੀਆਂ ਹੋਣ ਲੱਗੀਆਂ। ਬੀਮਾਰ ਬੱਚਿਆਂ 'ਚ ਦੋ ਨੂੰ ਬੁਖ਼ਾਰ ਸੀ। ਸਾਰੇ ਬੱਚਿਆਂ ਨੂੰ ਬੀ. ਐੱਮ. ਸੀ. ਦੇ ਨਾਇਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਡਿਜ਼ਾਸਟਰ ਕੰਟਰੋਲ ਨੇ ਕਿਹਾ ਕਿ ਪੀੜਤਾਂ ਵਿਚ 5 ਬੱਚੇ 12 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਦੋ ਦੀ ਉਮਰ 12 ਸਾਲ ਤੋਂ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੇ ਕਿਸ ਤਰ੍ਹਾਂ ਦਾ ਭੋਜਨ ਖਾਧਾ, ਇਹ ਕਿਵੇਂ ਅਤੇ ਕਿਸ ਵਲੋਂ ਤਿਆਰ ਕੀਤਾ ਗਿਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।