ਸ਼ਰਾਬ ਨਹੀਂ ਮਿਲੀ ਤਾਂ ਪੀ ਗਏ ਸੈਨੇਟਾਈਜ਼ਰ, 7 ਲੋਕਾਂ ਦੀ ਮੌਤ
Saturday, Apr 24, 2021 - 08:20 PM (IST)
ਮੁੰਬਈ - ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਸੈਨੇਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਖਲਬਲੀ ਮੱਚ ਗਈ। ਉਥੇ ਹੀ, ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੇ ਸ਼ਰਾਬ ਨਾ ਮਿਲਣ ਦੀ ਵਜ੍ਹਾ ਨਾਲ ਸੈਨੇਟਾਈਜ਼ਰ ਪੀ ਲਿਆ ਸੀ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਲਾਕਡਾਊਨ ਹੋਣ ਦੀ ਵਜ੍ਹਾ ਨਾਲ ਸ਼ਰਾਬ ਦੀ ਦੁਕਾਨ ਫਿਲਹਾਲ ਬੰਦ ਹੈ। ਇਸ ਦੇ ਚੱਲਦੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਉਨ੍ਹਾਂ ਦੀ ਸ਼ਰਾਬ ਦੀ ਤਲਬ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਪਹਿਲਾ ਮਾਮਲਾ ਵਾਨੀ ਸ਼ਹਿਰ ਦੇ ਤੇਲੀ ਫੀਲ ਇਲਾਕੇ ਦਾ ਹੈ। ਜਿੱਥੇ ਦੱਤਾ ਲਾਂਜੇਵਾਰ ਅਤੇ ਨੂਤਨ ਪਾਥਕਰ ਨਾਮ ਦੇ ਦੋ ਲੋਕਾਂ ਨੇ ਸ਼ਰਾਬ ਨਹੀਂ ਮਿਲਣ ਕਾਰਨ ਸੈਨੇਟਾਈਜਰ ਪੀ ਲਿਆ। ਦੇਰ ਰਾਤ ਦੋਨਾਂ ਦੇ ਸੀਨੇ ਵਿੱਚ ਦਰਦ ਸ਼ੁਰੂ ਹੋ ਗਿਆ ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅਤੇ ਕੁੱਝ ਸਮੇਂ ਬਾਅਦ ਦੋਨਾਂ ਦੀ ਮੌਤ ਹੋ ਗਈ।
ਉਥੇ ਹੀ, ਦੂਜੀ ਘਟਨਾ ਆਇਤਾ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਸੰਤੋਸ਼ ਮਿਹਰ, ਗਣੇਸ਼ ਨਾਂਦੇਕਰ, ਗਣੇਸ਼ ਸ਼ੇਲਾਰ ਅਤੇ ਸੁਨੀਲ ਢੇਂਗਲੇ ਦੀ ਸੈਨੇਟਾਈਜ਼ਰ ਪੀਣ ਨਾਲ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿਹਾਤੀ ਹਸਪਤਾਲ ਭੇਜ ਦਿੱਤਾ।
ਡੀ.ਐੱਸ.ਪੀ. ਸੰਜੇ ਪੂਜਲਵਾਰ ਦਾ ਕਹਿਣਾ ਹੈ ਕਿ 7 ਲੋਕਾਂ ਦੇ ਸੈਨੇਟਾਈਜ਼ਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਨ੍ਹਾਂ ਦਾ ਹਸਪਤਾਲ ਵਿੱਚ ਲਗਾਤਾਰ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਵਿਚੋਂ 4 ਲੋਕਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਬਿਨਾਂ ਦੱਸੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਨਹੀਂ ਮਿਲਣ ਦੀ ਵਜ੍ਹਾ ਨਾਲ ਲੋਕਾਂ ਨੇ ਸੈਨੇਟਾਈਜ਼ਰ ਪੀ ਲਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।