69 ਫ਼ੀਸਦੀ ਮਾਪਿਆਂ ਦੀ ਰਾਏ, ਅਪ੍ਰੈਲ ਤੋਂ ਮੁੜ ਖੋਲ੍ਹੇ ਜਾਣ ਸਕੂਲ: ਸਰਵੇਖਣ

01/04/2021 6:55:19 PM

ਨਵੀਂ ਦਿੱਲੀ— ਜ਼ਿਆਦਾਤਰ ਮਾਪੇ ਚਾਹੁੰਦੇ ਹਨ ਕਿ ਹੁਣ ਸਕੂਲਾਂ ਨੂੰ ਮੁੜ ਖੋਲਿ੍ਹਆ ਜਾਵੇ। ਦੇਸ਼ ਭਰ ਵਿਚ 19,000 ਮਾਪਿਆਂ ਵਿਚਾਲੇ ਕੀਤੇ ਗਏ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਇਸ ਮੁਤਾਬਕ ਘੱਟ ਤੋਂ ਘੱਟ 69 ਫ਼ੀਸਦੀ ਮਾਪੇ ਅਪ੍ਰੈਲ ਤੋਂ ਨਵੇਂ ਸਿੱਖਿਅਕ ਸੈਸ਼ਨ ਨਾਲ ਸਕੂਲ ਮੁੜ ਖੋਲ੍ਹੇ ਜਾਣ ਦੇ ਪੱਖ ਵਿਚ ਹਨ। ਸਰਵੇਖਣ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਅਪ੍ਰੈਲ ਤੱਕ ਕੋਵਿਡ-19 ਦਾ ਟੀਕਾ ਉਪਲੱਬਧ ਹੋਣ ਦੀ ਸੂਰਤ ਵਿਚ ਸਿਰਫ਼ 26 ਫ਼ੀਸਦੀ ਮਾਪੇ ਹੀ ਆਪਣੇ ਬੱਚਿਆਂ ਨੂੰ ਇਹ ਟੀਕਾ ਲਾਉਣ ਦੀ ਆਗਿਆ ਦੇਣ ਨੂੰ ਤਿਆਰ ਹਨ। 

ਆਨਲਾਈਨ ਮੰਚ ‘ਲੋਕਲ ਸਰਕਲਸ’ ਵਲੋਂ ਕਰਵਾਏ ਗਏ ਸਰਵੇਖਣ ਮੁਤਾਬਕ 69 ਫ਼ੀਸਦੀ ਮਾਪਿਆਂ ਨੇ ਕਿਹਾ ਕਿ ਕੋਵਿਡ-19 ਦੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਆਉਣ ਵਾਲੇ ਅਪ੍ਰੈਲ ਵਿਚ ਨਵੇਂ ਸਿੱਖਿਅਕ ਸੈਸ਼ਨ ਨਾਲ ਹੀ ਦੇਸ਼ ’ਚ ਸਕੂਲਾਂ ਨੂੰ ਮੁੜ ਖੋਲਿ੍ਹਆ ਜਾਣਾ ਚਾਹੀਦਾ ਹੈ। ਹਾਲਾਂਕਿ ਮਾਪਿਆਂ ਨੇ ਮਹਾਮਾਰੀ ਦੇ ਕਹਿਰ ਦਰਮਿਆਨ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਡਰ ਵੀ ਜਤਾਇਆ। ਉੱਥੇ ਹੀ 23 ਫ਼ੀਸਦੀ ਮਾਪਿਆਂ ਨੇ ਕਿਹਾ ਕਿ ਜਨਵਰੀ ਤੋਂ ਹੀ ਸਕੂਲ ਸ਼ੁਰੂ ਹੋ ਜਾਣੇ ਚਾਹੀਦੇ ਹਨ।

ਇਸ ਮੁਤਾਬਕ ਸਿਰਫ 26 ਫ਼ੀਸਦੀ ਮਾਪੇ ਹੀ ਅਪ੍ਰੈਲ ਤੱਕ ਅਤੇ ਨਵੇਂ ਸੈਸ਼ਨ ਤੱਕ ਕੋਵਿਡ-19 ਦਾ ਟੀਕਾ ਉਪਲੱਬਧ ਹੋਣ ਦੀ ਸੂਰਤ ਵਿਚ ਆਪਣੇ ਬੱਚੇ ਨੂੰ ਇਹ ਟੀਕਾ ਲਾਉਣ ਦੇ ਪੱਖ ’ਚ ਦਿੱਸੇ। ਉੱਥੇ ਹੀ 56 ਫ਼ੀਸਦੀ ਨੇ ਕਿਹਾ ਕਿ ਉਹ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਉਡੀਕ ਕਰਨਗੇ ਅਤੇ ਟੀਕਾ ਸਬੰਧੀ ਡਾਟਾ ਅਤੇ ਸਿੱਟਿਆਂ ਦੇ ਆਧਾਰ ’ਤੇ ਵਿਚਾਰ ਕਰਨਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਮਾਰਚ 2020 ਤੋਂ ਹੀ ਦੇਸ਼ ਭਰ ਦੇ ਸਕੂਲ ਬੰਦ ਹਨ। ਹਾਲਾਂਕਿ ਕੁਝ ਸੂਬਿਆਂ ਵਿਚ 15 ਅਕਤੂਬਰ ਤੋਂ ਮੁੜ ਸਕੂਲ ਖੋਲ੍ਹੇ ਗਏ ਹਨ, ਜਦਕਿ ਕੁਝ ਸੂਬਿਆਂ ਨੇ ਲਾਗ ਦੇ ਮਾਮਲਿਆਂ ’ਚ ਵਾਧੇ ਨੂੰ ਵੇਖਦੇ ਹੋਏ ਫ਼ਿਲਹਾਲ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
 


Tanu

Content Editor

Related News