ICMR ਦੇ ਸਰਵੇਖਣ ’ਚ ਖੁਲਾਸਾ, 67.6 ਫੀਸਦੀ ਭਾਰਤੀਆਂ ’ਚ ਕੋਰੋਨਾ ਐਂਟੀਬਾਡੀ, 40 ਕਰੋੜ ਅਜੇ ਵੀ ਖਤਰੇ ’ਚ
Wednesday, Jul 21, 2021 - 11:50 AM (IST)

ਨਵੀਂ ਦਿੱਲੀ, (ਭਾਸ਼ਾ)– ਕੇਂਦਰ ਸਰਕਾਰ ਨੇ ਮੰਗਲਵਾਰ ਕਿਹਾ ਕਿ ਇਕ ਦੇਸ਼-ਪੱਧਰੀ ਸਰਵੇਖਣ ਮੁਤਾਬਕ ਲਗਭਗ 40 ਕਰੋੜ ਲੋਕਾਂ ਨੂੰ ਅਜੇ ਵੀ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੋਣ ਦਾ ਖਤਰਾ ਹੈ, ਜਦੋਂਕਿ 6 ਸਾਲ ਤੋਂ ਵੱਧ ਉਮਰ ਦੀ ਦੇਸ਼ ਦੀ ਆਬਾਦੀ ਦੇ ਦੋ ਤਿਹਾਈ ਹਿੱਸੇ ਵਿਚ ਸਾਰਸ-ਸੀ.ਓ. ਵੀ.-2 ਐਂਟੀਬਾਡੀ ਪਾਈ ਗਈ ਹੈ। ਸਰਕਾਰ ਨੇ ਕਿਹਾ ਕਿ ਭਾਰਤੀ ਆਯੁਰਵਿਗਿਆਨ ਖੋਜ ਕੌਂਸਲ (ਆਈ. ਸੀ .ਐੱਮ. ਆਰ.) ਦੇ ਚੌਥੇ ਰਾਸ਼ਟਰੀ ਕੋਵਿਡ ਸੀਰੋ ਸਰਵੇਖਣ ਦੇ ਨਤੀਜਿਆਂ ਤੋਂ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਪਰ ਢਿੱਲ ਦੀ ਕੋਈ ਗੁੰਜਾਇਸ਼ ਨਹੀਂ। ਕੋਵਿਡ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਜ਼ਾ ਕੌਮੀ ਸੀਰੋ ਸਰਵੇਖਣ ਵਿਚ ਦੋ ਤਿਹਾਈ ਜਾਂ 6 ਸਾਲ ਤੋਂ ਵੱਧ ਉਮਰ ਦੀ ਭਾਰਤ ਦੀ 67.6 ਫੀਸਦੀ ਆਬਾਦੀ ਵਿਚ ਕੋਰੋਨਾ ਐਂਟੀਬਾਡੀ ਪਾਈ ਗਈ ਹੈ। ਅਧਿਕਾਰੀ ਨੇ ਕਿਹਾ ਕਿ ਇਕ ਤਿਹਾਈ ਆਬਾਦੀ ’ਚ ਇਹ ਐਂਟੀਬਾਡੀ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਲਗਭਗ 40 ਕਰੋੜ ਲੋਕਾਂ ਨੂੰ ਅਜੇ ਵੀ ਵਾਇਰਸ ਦੀ ਇਨਫੈਕਸ਼ਨ ਦਾ ਖਤਰਾ ਹੈ।
ਸਰਕਾਰ ਮੁਤਾਬਕ ਸਰਵੇਖਣ ’ਚ ਸ਼ਾਮਲ ਕੀਤੇ ਗਏ ਸਿਹਤ ਮੁਲਾਜ਼ਮਾਂ ’ਚੋਂ 85 ਫੀਸਦੀ ਵਿਚ ਸਾਰਸ-ਸੀ. ਓ. ਵੀ.-2 ਵਿਰੁੱਧ ਐਂਟੀਬਾਡੀ ਹੈ। ਸਿਹਤ ਮੁਲਾਜ਼ਮਾਂ ਵਿਚੋਂ 10 ਫੀਸਦੀ ਦਾ ਹੁਣ ਤਕ ਟੀਕਾਕਰਨ ਨਹੀਂ ਹੋਇਆ। ਸਰਵੇਖਣ ਵਿਚ 28,975 ਆਮ ਆਦਮੀ ਅਤੇ 7,252 ਸਿਹਤ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਚੌਥੇ ਦੌਰ ਦਾ ਸਰਵੇਖਣ 21 ਸੂਬਿਆਂ ਦੇ 70 ਜ਼ਿਲਿਆਂ ਵਿਚ ਕੀਤਾ ਗਿਆ। ਇੱਥੇ ਪਿਛਲੇ 3 ਦੌਰ ਦਾ ਸਰਵੇਖਣ ਵੀ ਕੀਤਾ ਗਿਆ ਸੀ।
ਆਈ. ਸੀ. ਐੱਮ. ਆਰ. ਨੇ ਇਹ ਸੁਝਾਅ ਵੀ ਦਿੱਤਾ ਕਿ ਪ੍ਰਾਇਮਰੀ ਸਕੂਲਾਂ ਨੂੰ ਪਹਿਲਾਂ ਖੋਲ੍ਹਣਾ ਸਿਆਣਪ ਵਾਲੀ ਗੱਲ ਹੋਵੇਗੀ ਕਿਉਂਕਿ ਬੱਚੇ ਵਾਇਰਸ ਦੀ ਇਨਫੈਕਸ਼ਨ ਨਾਲ ਵਧੀਆ ਢੰਗ ਨਾਲ ਨਜਿੱਠ ਸਕਦੇ ਹਨ। ਆਈ. ਸੀ. ਐੱਮ. ਆਰ. ਨੇ ਕਿਹਾ ਕਿ ਫੈਸਲਾ ਲੈਣ ਪਿੱਛੋਂ ਅਤੇ ਸਭ ਮੁਲਾਜ਼ਮਾਂ ਦਾ ਟੀਕਾਕਰਨ ਹੋਣ ਪਿੱਛੋਂ ਪ੍ਰਾਇਮਰੀ ਸਕੂਲਾਂ ਨੂੰ ਪਹਿਲਾਂ ਖੋਲ੍ਹਣਾ ਠੀਕ ਹੋਵੇਗਾ।