ਬ੍ਰਿਕਸ ''ਚ ਸ਼ਾਮਲ ਹੋਏ 6 ਨਵੇਂ ਦੇਸ਼, PM ਮੋਦੀ ਨੇ ਕੀਤਾ ਸਵਾਗਤ

08/24/2023 3:02:58 PM

ਜੋਹਾਨਸਬਰਗ (ਵਾਰਤਾ)- ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਨੇ ਬ੍ਰਿਕਸ ਆਰਥਿਕ-ਕੂਟਨੀਤਕ ਸਮੂਹ ਦਾ ਵਿਸਥਾਰ ਕੀਤਾ ਹੈ, ਜਿਸ ਵਿਚ ਅਰਜਨਟੀਨਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਬਤੌਰ ਪੂਰਨ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਮੇਜ਼ਬਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ 15ਵੇਂ ਬ੍ਰਿਕਸ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਬ੍ਰਿਕਸ ਆਗੂਆਂ ਦੀ ਸਾਂਝੀ ਮੀਡੀਆ ਬ੍ਰੀਫ਼ਿੰਗ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਬ੍ਰਿਕਸ ਦੇ ਵਿਸਥਾਰ ਦਾ ਪਹਿਲਾ ਪੜਾਅ ਹੈ ਅਤੇ ਇਨ੍ਹਾਂ 6 ਦੇਸ਼ਾਂ ਦੀ ਮੈਂਬਰਸ਼ਿਪ 1 ਜਨਵਰੀ 2024 ਤੋਂ ਲਾਗੂ ਹੋਵੇਗੀ। ਅਗਲੇ ਪੜਾਅ ਲਈ ਸੰਭਾਵਿਤ ਮੈਂਬਰਾਂ ਦੇ ਨਾਵਾਂ ਨੂੰ ਵਿਚਾਰ ਲਈ ਅਗਲੇ ਸਿਖਰ ਸੰਮੇਲਨ ਵਿੱਚ ਰੱਖਿਆ ਜਾਵੇਗਾ। ਇਸ ਤਰ੍ਹਾਂ 5 ਮੈਂਬਰੀ ਬ੍ਰਿਕਸ 'ਚ ਹੁਣ 11 ਮੈਂਬਰ ਹੋ ਜਾਣਗੇ। ਰਾਮਾਫੋਸਾ ਨੇ ਕਿਹਾ, “ਅਸੀਂ ਬ੍ਰਿਕਸ ਦੇ ਪੂਰਨ ਮੈਂਬਰ ਬਣਨ ਲਈ ਅਰਜਨਟੀਨਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸੱਦਾ ਦੇਣ ਲਈ ਇਕ ਸਮਝੌਤੇ 'ਤੇ ਸਹਿਮਤ ਹੋਏ ਹਾਂ। ਮੈਂਬਰਸ਼ਿਪ 1 ਜਨਵਰੀ, 2024 ਤੋਂ ਲਾਗੂ ਹੋਵੇਗੀ।' 

ਪੀ.ਐੱਮ. ਮੋਦੀ ਨੇ ਕੀਤਾ ਸਵਾਗਤ 

ਪੀ.ਐੱਮ. ਮੋਦੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, 'ਮੈਂ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਅਤੇ ਉੱਥੋਂ ਦੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ। ਅਸੀਂ ਇਕੱਠੇ ਮਿਲ ਕੇ ਬ੍ਰਿਕਸ ਨੂੰ ਨਵੀਂ ਗਤੀ ਦੇਵਾਂਗੇ। ਭਾਰਤ ਦੇ ਇਨ੍ਹਾਂ ਦੇਸ਼ਾਂ ਨਾਲ ਬਹੁਤ ਚੰਗੇ ਸਬੰਧ ਰਹੇ ਹਨ। ਬ੍ਰਿਕਸ ਰਾਹੀਂ ਸਾਡੇ ਸਬੰਧ ਹੋਰ ਡੂੰਘੇ ਹੋਣਗੇ। ਬ੍ਰਿਕਸ ਦਾ ਵਿਸਥਾਰ ਇਸ ਗੱਲ ਦਾ ਸੰਕੇਤ ਹੈ ਕਿ ਵਿਸ਼ਵ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਜੋਕੇ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ।'


cherry

Content Editor

Related News