CII : ਆਤਮ ਨਿਰਭਰ ਭਾਰਤ ਲਈ ਪੀ. ਐੱਮ. ਮੋਦੀ ਨੇ ਦਿੱਤੇ ਇਹ 5 ਮੰਤਰ
Tuesday, Jun 02, 2020 - 12:50 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਜਗਤ ਨਾਲ ਜੁੜੇ ਦਿੱਗਜ਼ ਕਾਰੋਬਾਰੀਆਂ ਨੂੰ ਆਤਮ ਨਿਰਭਰ ਭਾਰਤ ਲਈ 5 ਮੰਤਰ ਯਾਨੀ ਕਿ 5 ਆਈ ਫਾਰਮੂਲੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ 5 ਵਿਸ਼ਿਆਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਉਹ ਹੈ— Intent, Inclusion, Investment, Infrastructure ਅਤੇ Innovation ਯਾਨੀ ਕਿ ਇਰਾਦਾ, ਸਮਾਵੇਸ਼ੀ ਸੋਚ, ਨਿਵੇਸ਼, ਬੁਨਿਆਦੀ ਢਾਂਚਾ ਅਤੇ ਨਵੀਨਤਮ ਭਾਰਤ। ਭਾਰਤ ਨੂੰ ਮੁੜ ਵਿਕਾਸ ਦੀ ਰਾਹ 'ਤੇ ਲਿਆਉਣ ਲਈ 5 ਗੱਲਾਂ ਬਹੁਤ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ ਜੋ ਵੱਡੇ ਫੈਸਲੇ ਲਏ ਗਏ ਹਨ, ਇਸ 'ਚ ਇਸ ਦੀ ਝਲਕ ਦਿੱਸ ਜਾਵੇਗੀ। ਦੇਸ਼ ਨੂੰ ਭਵਿੱਖ ਲਈ ਤਿਆਰ ਕੀਤਾ ਹੈ। ਇਸ ਲਈ ਭਾਰਤ ਵੱਡੀ ਉਡਾਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਸੁਧਾਰ ਦਾ ਮਤਲਬ ਹੈ ਕਿ ਫੈਸਲੇ ਲੈਣ ਦਾ ਸਾਹਸ ਕਰਨਾ ਅਤੇ ਉਸ ਨੂੰ ਅੰਜ਼ਾਮ ਤੱਕ ਪਹੁੰਚਾਉਣਾ। ਸੁਧਾਰ ਕੋਈ ਬਿਨਾਂ ਸੋਚੇ ਸਮਝੇ ਜਾਂ ਇੱਧਰ-ਉਧਰ ਦਾ ਫੈਸਲਾ ਨਹੀਂ ਹੁੰਦਾ, ਸੁਧਾਰ ਯੋਜਨਾਬੱਧ, ਏਕੀਕ੍ਰਿਤ, ਨਿਰਵਿਘਨ, ਇਕਸਾਰ ਅਤੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਚਲਾਈ ਜਾਣ ਵਾਲੀ ਪ੍ਰਕਿਰਿਆ ਹੈ। ਅੱਜ ਦੁਨੀਆ 'ਚ ਭਾਰਤ ਦਾ ਵਿਸ਼ਵਾਸ ਵੀ ਵਧਿਆ ਹੈ ਅਤੇ ਨਵੀਂ ਆਸ ਦਾ ਸੰਚਾਰ ਵੀ ਹੋਇਆ ਹੈ। ਦੁਨੀਆ ਇਕ ਭਰੋਸੇਯੋਗ, ਭਰੋਸੇਮੰਦ ਸਾਥੀ ਦੀ ਭਾਲ ਵਿਚ ਹੈ, ਭਾਰਤ 'ਚ ਇਸ ਦੀ ਸਮਰੱਥਾ, ਤਾਕਤ ਅਤੇ ਯੋਗਤਾ ਹੈ।
ਕੋਰੋਨਾ ਵਾਇਰਸ ਨਾਲ ਅਰਥ ਵਿਵਸਥਾ ਦੀ ਰਫਤਾਰ ਭਾਵੇਂ ਹੀ ਹੌਲੀ ਹੋ ਗਈ ਹੈ ਪਰ ਭਾਰਤ ਆਪਣੇ ਵਾਧੇ, ਤਰੱਕੀ ਨੂੰ ਮੁੜ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸਰਕਾਰ ਨੇ 8 ਕਰੋੜ ਗੈਸ ਸਿਲੰਡਰ ਮੁਫ਼ਤ ਵਿਚ ਦਿੱਤੇ। ਪ੍ਰਾਈਵੇਟ ਸੈਕਟਰ ਦੇ 50 ਲੱਖ ਕਾਮਿਆਂ ਨੂੰ 24 ਫੀਸਦੀ ਈ. ਪੀ. ਐੱਫ. ਓ. ਸਰਕਾਰ ਨੇ ਦਿੱਤੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਮੋਦੀ ਸਰਕਾਰ ਵਲੋਂ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਉਦਯੋਗ ਪਰਿਸੰਘ (ਸੀ. ਆਈ. ਆਈ.) ਦੀ ਸਾਲਾਨਾ ਬੈਠਕ ਨੂੰ ਸੰਬੋਧਿਤ ਕੀਤਾ।