ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚੋਂ 518 ਫਸੇ ਲੋਕਾਂ ਨੂੰ ਕੱਢਿਆ ਗਿਆ, ਜਾਣੋ ਤਾਜ਼ਾ ਹਾਲਾਤ
Tuesday, May 09, 2023 - 10:10 AM (IST)
ਇੰਫਾਲ- ਹਿੰਸਾ ਪ੍ਰਭਾਵਿਤ ਮਣੀਪੁਰ 'ਚ ਮੈਡੀਕਲ ਵਿਦਿਆਰਥੀਆ ਸਮੇਤ 518 ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਇੰਫਾਲ 'ਚ ਸ਼ਿਫਟ ਕਰ ਦਿੱਤਾ ਗਿਆ। ਇਹ ਮਣੀਪੁਰ ਇੰਟੇਗ੍ਰਿਟੀ 'ਤੇ ਤਾਲਮੇਲ ਕਮੇਟੀ ਦੀ ਪਹਿਲਕਦਮੀ ਸਦਕਾ ਹੋ ਸਕਿਆ। ਚੁਰਾਚਾਂਦਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਸਾਮ ਰਾਈਫਲਜ਼ ਨੇ ਫਸੇ ਹੋਏ ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ- ਮਣੀਪੁਰ 'ਚ ਹਿੰਸਾ; ਸਿੱਕਮ ਸਰਕਾਰ ਨੇ ਆਪਣੇ 128 ਵਿਦਿਆਰਥੀਆਂ ਦੀ ਕਰਵਾਈ ਵਾਪਸੀ
ਦੱਸ ਦੇਈਏ ਕਿ ਮਣੀਪੁਰ ਦੇ ਕਈ ਹਿੱਸਿਆਂ 'ਚ ਹਿੰਸਾ ਭੜਕ ਗਈ ਹੈ। ਮਣੀਪੁਰ 'ਚ ਬਹੁ ਗਿਣਤੀ ਮੇਇਤੀ ਭਾਈਚਾਰੇ ਵਲੋਂ ਉਸ ਨੂੰ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਦੇ ਵਿਰੋਧ 'ਚ 'ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ' (ਏ.ਟੀ.ਐੱਸ.ਯੂ.ਐੱਮ.) ਵਲੋਂ ਬੁੱਧਵਾਰ ਨੂੰ ਆਯੋਜਿਤ 'ਆਦਿਵਾਸੀ ਇਕਜੁਟਤਾ ਮਾਰਚ' ਦੌਰਾਨ ਚੁਰਾਚਾਂਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ 'ਚ ਹਿੰਸਾ ਭੜਕ ਗਈ ਸੀ। ਹੁਣ ਤੱਕ ਮਣੀਪੁਰ 'ਚ 54 ਲੋਕਾਂ ਦੀ ਮੌਤ ਹੋ ਗਈ ਹੈ ਅਤੇ 23,000 ਲੋਕਾਂ ਨੂੰ ਉੱਥੋਂ ਕੱਢਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਹਿੰਸਾ ਪ੍ਰਭਾਵਿਤ ਮਣੀਪੁਰ ਤੋਂ ਪਰਤੇ 5 ਹਿਮਾਚਲੀ ਵਿਦਿਆਰਥੀ, CM ਨੇ ਆਪਣੀ ਜੇਬ 'ਚੋਂ ਖ਼ਰਚੇ 60 ਹਜ਼ਾਰ ਰੁਪਏ
ਹਾਲਾਂਕਿ ਮੌਜੂਦਾ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ। ਅੱਜ ਕਰਫਿਊ 'ਚ ਵੀ ਢਿੱਲ ਦਿੱਤੀ ਗਈ ਹੈ। ਚੁਰਾਚਾਂਦਪੁਰ, ਕੰਗਪੋਕਪੀ ਅਤੇ ਮੋਰੇਹ ਦੇ ਕੁਝ ਇਲਾਕੇ ਅਜੇ ਵੀ ਤਣਾਅ 'ਚ ਹਨ। ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਾਂਤੀ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ। ਭਾਰਤੀ ਫ਼ੌਜ ਅਤੇ ਆਸਾਮ ਰਾਈਫਲਜ਼ ਜਿਨ੍ਹਾਂ ਨੂੰ ਮਣੀਪੁਰ ਵਿਚ ਹਿੰਸਾ ਨੂੰ ਰੋਕਣ ਲਈ ਬੁਲਾਇਆ ਗਿਆ। ਉਨ੍ਹਾਂ ਨੇ ਲੱਗਭਗ 23,000 ਨਾਗਰਿਕਾਂ ਨੂੰ ਸਫ਼ਲਤਾਪੂਰਵਕ ਬਚਾਇਆ।
ਇਹ ਵੀ ਪੜ੍ਹੋ- ਮਣੀਪੁਰ 'ਚ ਕੁਝ ਘੰਟਿਆਂ ਲਈ ਕਰਫਿਊ 'ਚ ਢਿੱਲ, ਪਟੜੀ 'ਤੇ ਪਰਤਦਾ ਦਿਖਾਈ ਦਿੱਤਾ ਆਮ ਜਨਜੀਵਨ
ਇਸ ਤੋਂ ਪਹਿਲਾਂ ਮਣੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੇ ਸੂਬੇ ਵਿਚ ਹਿੰਸਾ ਨੂੰ ਲੈ ਕੇ ਇੰਫਾਲ 'ਚ ਸੁਰੱਖਿਆ ਸਮੀਖਿਆ ਬੈਠਕ ਬੁਲਾਈ ਸੀ। ਰਾਜਪਾਲ ਉਈਕੇ ਨੇ ਮੀਟਿੰਗ ਦੌਰਾਨ ਇਹ ਗੱਲ ਜ਼ਾਹਰ ਕੀਤੀ ਕਿ ਉਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਹੈ। ਰਾਜਪਾਲ ਨੇ ਇਸ ਨਾਜ਼ੁਕ ਮੋੜ 'ਤੇ ਜਾਨਾਂ ਅਤੇ ਜਾਇਦਾਦਾਂ ਨੂੰ ਬਚਾਉਣ ਲਈ ਸੁਰੱਖਿਆ ਬਲਾਂ ਵਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।