ਜਦੋਂ ਭਾਰਤ ਦੇ ਸਾਹਮਣੇ ਗੋਡਿਆਂ ਭਾਰ ਸੀ ਪਾਕਿਸਤਾਨ, ਹੈਰਾਨ ਸੀ ਅਮਰੀਕਾ

12/03/2021 2:28:41 PM

ਨਵੀਂ ਦਿੱਲੀ– 1971 ਭਾਰਤ-ਪਾਕਿ ਯੁੱਧ ਦੇ 50 ਸਾਲ ਪੂਰੇ ਹੋਣ ’ਤੇ ਭਾਰਤ ਵਿਜੇ ਦਿਵਸ ਦੀ ਵਰ੍ਹੇਗੰਢ ਮਨਾ ਰਿਹਾ ਹੈ। 3 ਦਸੰਬਰ 1971 ਨੂੰ ਭਾਰਤ-ਪਾਕਿ ਯੁੱਧ ਸ਼ੁਰੂ ਹੋਇਆ ਅਤੇ 16 ਦਸੰਬਰ ਨੂੰ ਭਾਰਤੀ ਫੌਜ ਦੀ ਜਿੱਤ ਦੇ ਨਾਲ ਯੁੱਧ ਬੰਦੀ ਹੋਈ। ਉਸ ਸਮੇਂ ਭਾਰਤ ਦੇ ਸਾਹਮਣੇ ਪਾਕਿ ਗੋਡਿਆਂ ਭਾਰ ਸੀ ਤਾਂ ਪਾਕਿ ਦੀ ਮਦਦ ਕਰਨ ਵਾਲਾ ਅਮਰੀਕਾ ਭਾਰਤ ਦੀ ਫੌਜੀ ਸਮਰੱਥਾ ’ਤੇ ਹੈਰਾਨ ਸੀ। ਸੰਯੋਗ ਨਾਲ 1971 ਦੇ ਯੁੱਧ ਦੇ 50 ਸਾਲ ਬਾਅਦ ਫਿਰ ਤੋਂ 3 ਦਸੰਬਰ ਯਾਨੀ ਕਿ ਅੱਜ ਸ਼ੁੱਕਰਵਾਰ ਹੈ। ਇਸ ਤੋਂ ਪਹਿਲਾਂ 1971 ’ਚ ਵੀ 3 ਦਸੰਬਰ ਨੂੰ ਸ਼ੁੱਕਰਵਾਰ ਹੀ ਸੀ। ਉਸ ਸਮੇਂ ਭਾਰਤ ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇਸ਼ ਦੀ ਅਗਵਾਈ ਕਰ ਰਹੇ ਸਨ ਤਾਂ ਪਾਕਿ ’ਚ ਰਾਸ਼ਟਰਪਤੀ ਫੌਜ ਦੇ ਜਰਨੈਲ ਯਾਹਿਆ ਖਾਨ ਸਨ।

ਇਸ ਦੌਰਾਨ ਭਾਰਤੀ ਫੌਜ ਦੀ ਅਗਵਾਈ ਅੰਮ੍ਰਿਤਸਰ ਦੇ ਰਹਿਣ ਵਾਲੇ ਜਨਰਲ ਮਾਨਕ ਸ਼ਾਹ ਨੇ ਕੀਤੀ, ਜਿਨ੍ਹਾਂ ਦੀ ਕੱਟੜਾ ਆਹਲੂਵਾਲੀਆ ਚੌਕ ’ਚ ਜੱਦੀ ਦੁਕਾਨ ਸੀ, ਜੋ ਅੱਜ ਵੀ ਹੈ। ਉਨ੍ਹਾਂ ਨੇ ਹਿੰਦੂ ਕਾਲਜ ਖੜੀਕਾਂ ਢਾਬ ਤੋਂ ਪੜ੍ਹਾਈ ਕੀਤੀ ਸੀ। ਉਥੇ ਹੀ ਭਾਰਤੀ ਹਵਾਈ ਫੌਜ ਦੀ ਅਗਵਾਈ ਏਅਰ ਮਾਰਸ਼ਲ (ਚੀਫ ਆਫ ਏਅਰ ਸਟਾਫ) ਪੀ. ਸੀ. ਲਾਲ ਨੇ ਕੀਤੀ।

1970 ’ਚ ਪਾਕਿਸਤਾਨ ’ਚ ਹੋਈਆਂ ਸਨ ਚੋਣਾਂ
1970 ’ਚ ਪਾਕਿਸਤਾਨ ’ਚ ਚੋਣਾਂ ਹੋਈਆਂ ਸਨ, ਜਿਸ ’ਚ ਪੂਰਬੀ ਪਾਕਿਸਤਾਨ ਅਵਾਮੀ ਲੀਗ ਨੇ ਜਿੱਤ ਹਾਸਲ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਜੁਲਫਿਕਾਰ ਅਲੀ ਭੁੱਟੋ ਇਸ ਗੱਲ ਨਾਲ ਸਹਿਮਤ ਨਹੀਂ ਸਨ, ਇਸ ਲਈ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਅਜਿਹੇ ’ਚ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਗਏ ਕਿ ਫੌਜ ਦੀ ਮਦਦ ਲੈਣੀ ਪਈ।

ਉਦੋਂ ਅਵਾਮੀ ਲੀਗ ਦੇ ਸ਼ੇਖ ਮੁਜ਼ਿਬੁਰ ਰਹਿਮਾਨ ਜੋ ਕਿ ਪੂਰਬੀ ਪਾਕਿਸਤਾਨ ਦੇ ਵੱਡੇ ਨੇਤਾ ਸਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੇ ਨਾਲ ਪੂਰਬੀ ਅਤੇ ਪੱਛਮੀ ਪਾਕਿਸਤਾਨ ਵਿਚਾਲੇ ਸੰਬੰਧ ਖ਼ਰਾਬ ਹੋ ਗਏ। ਵਿਵਾਦ ਵਧਣ ਤੋਂ ਬਾਅਦ ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਪੱਛਮੀ ਪਾਕਿਸਤਾਨ ਤੋਂ ਪਲਾਇਨ ਸ਼ੁਰੂ ਕਰ ਦਿੱਤਾ। ਪੂਰਬੀ ਪਾਕਿਸਤਾਨ ਤੋਂ ਸ਼ਰਨਾਰਥੀ ਭਾਰਤ ’ਚ ਸ਼ਰਨ ਲੈਣ ਲਈ ਆਏ ਸਨ ਤਾਂ ਇੰਦਰਾ ਗਾਂਧੀ ਦੀ ਸਰਕਾਰ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਭਾਰਤ ’ਚ ਉਦੋਂ 10 ਲੱਖ ਲੋਕਾਂ ਨੇ ਸ਼ਰਨ ਲਈ ਸੀ। ਇਸ ਤੋਂ ਬਾਅਦ ਪਾਕਿ ਨੇ ਭਾਰਤ ’ਤੇ ਹਮਲਾ ਕਰ ਦਿੱਤਾ ਸੀ।

ਸ਼ਾਮ 5 ਵਜੇ ਪਾਕਿ ਨੇ ਪੰਜਾਬ ਦੇ ਖੇਤਰ ’ਚ ਕੀਤੇ ਸਨ ਹਵਾਈ ਹਮਲੇ
3 ਦਸੰਬਰ ਸ਼ਾਮ 5 ਵਜੇ ਪਾਕਿ ਨੇ ਪੰਜਾਬ ਦੇ ਖੇਤਰ ਅੰਮ੍ਰਿਤਸਰ, ਆਦਮਪੁਰ, ਪਠਾਨਕੋਟ, ਹਲਵਾਰਾ ਅਤੇ ਹਰਿਆਣਾ ਦੇ ਅੰਬਾਲਾ ਸਮੇਤ 11 ਹਵਾਈ ਸਟੇਸ਼ਨਾਂ ’ਤੇ ਹਮਲਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ’ਚ ਭਾਰਤੀ ਏਅਰ ਮਾਰਸ਼ਲ ਪੀ. ਸੀ. ਲਾਲ ਨੇ ਏਅਰਫੋਰਸ ਨੂੰ ਪਾਕਿ ਦੀ ਯੁੱਧ ਸਮੱਗਰੀ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਵੀ ਹਮਲੇ ਸ਼ੁਰੂ ਹੋ ਗਏ।

ਯੁੱਧ ਦੇ ਨਤੀਜੇ ਵਜੋਂ ਬੰਗਲਾ ਦੇਸ਼ ਦਾ ਜਨਮ
1971 ’ਚ ਭਾਰਤ-ਪਾਕਿ ਯੁੱਧ ਦੇ ਨਤੀਜੇ ਵਜੋਂ ਪਾਕਿ ਦਾ ਬੰਗਲਾ ਖੇਤਰ ਵੱਖ ਹੋ ਕੇ ਬੰਗਲਾਦੇਸ਼ ਬਣ ਗਿਆ ਸੀ।

3900 ਭਾਰਤੀ ਫੌਜੀ ਹੋਏ ਸ਼ਹੀਦ
4 ਦਸੰਬਰ, 1971 ਨੂੰ ਭਾਰਤ ਨੇ ਆਪ੍ਰੇਸ਼ਨ ਟ੍ਰਾਈਡੈਂਟ ਸ਼ੁਰੂ ਕੀਤਾ। ਇਸ ਆਪ੍ਰੇਸ਼ਨ ’ਚ ਭਾਰਤੀ ਸਮੁੰਦਰੀ ਫੌਜ ਨੇ ਬੰਗਾਲ ਦੀ ਖਾੜੀ ’ਚ ਸਮੁੰਦਰ ਤੋਂ ਪਾਕਿਸਤਾਨੀ ਸਮੁੰਦਰੀ ਫੌਜ ਨੂੰ ਟੱਕਰ ਦਿੱਤੀ ਅਤੇ ਦੂਜੇ ਪਾਸੇ ਪੱਛਮੀ ਪਾਕਿਸਤਾਨ ਦੀ ਫੌਜ ਦਾ ਵੀ ਮੁਕਾਬਲਾ ਕੀਤਾ। ਭਾਰਤ ਦੀ ਸਮੁੰਦਰੀ ਫੌਜ ਨੇ 5 ਦਸੰਬਰ, 1971 ਨੂੰ ਕਰਾਚੀ ਬੰਦਰਗਾਹ ’ਤੇ ਬੰਬਾਰੀ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 1971 ਦੇ ਯੁੱਧ ’ਚ ਲਗਭਗ 3900 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਅਤੇ ਲਗਭਗ 9,851 ਜਖ਼ਮੀ ਹੋਏ ਸਨ।

300 ਔਰਤਾਂ ਨੇ 72 ਘੰਟਿਆਂ ’ਚ ਬਣਾ ਦਿੱਤੀ ਸੀ ਹਵਾਈ ਪੱਟੀ
ਭੁਜ ਤਾਲੁਕਾ ਦੀਆਂ 300 ਔਰਤਾਂ ਨੇ ਦਿਨ-ਰਾਤ ਇਕ ਕਰ ਕੇ 72 ਘੰਟੇ ਕੰਮ ਕਰ ਕੇ ਹਵਾਈ ਪੱਟੀ ਨੂੰ ਇਕ ਵਾਰ ਫਿਰ ਤਿਆਰ ਕਰ ਦਿੱਤਾ ਸੀ, ਜੋ ਕਿ ਸੰਭਵ ਨਹੀਂ ਸੀ। ਇਨ੍ਹਾਂ ਵੀਰਾਂਗਨਾਵਾਂ ’ਚੋਂ 70 ਅੱਜ ਵੀ ਜ਼ਿੰਦਾ ਹਨ। ਜਿਨ੍ਹਾਂ ’ਚੋਂ ਲਗਭਗ 35 ਵੀਰਾਂਗਨਾਵਾਂ ਵਿਦੇਸ਼ਾਂ ’ਚ ਵੱਸ ਗਈਆਂ ਹਨ। ਯੁੱਧ ’ਚ ਪਾਕਿ ਨੇ 14 ਦਿਨ ਤੱਕ ਭੁਜ ਸਥਿਤ ਹਵਾਈ ਪੱਟੀ ’ਤੇ ਹਮਲਾ ਕਰ ਕੇ ਉਸ ਨੂੰ 35 ਵਾਰ ਤੋਡ਼ ਦਿੱਤਾ ਸੀ।

ਬੀ. ਐੱਸ. ਐੱਫ. ਦੇ ਜਵਾਨਾਂ ਨੇ 11 ਘੰਟਿਆਂ ’ਚ ਤੈਅ ਕੀਤੀ 180 ਕਿਲੋਮੀਟਰ ਦੀ ਦੂਰੀ
ਪਾਕਿਸਤਾਨ ਬਾਰਡਰ ’ਤੇ ਭਾਰਤੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੇ ਲੜਦੇ ਹੋਏ 11 ਘੰਟੇ ’ਚ 180 ਕਿਲੋਮੀਟਰ ਦੀ ਦੂਰੀ ਤੈਅ ਕੀਤੀ।


Rakesh

Content Editor

Related News