ਅਯੁੱਧਿਆ ਦੇ ਰਾਮ ਲੱਲਾ ਮੰਦਿਰ ’ਚ ਸਿੱਖਾਂ ਦੇ 500 ਸਾਲਾਂ ਦੇ ਇਤਿਹਾਸਕ ਪੈੜਾਂ ਦੇ ਨਿਸ਼ਾਨ
Tuesday, Jan 16, 2024 - 11:18 AM (IST)
ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਸਾਲ 2019 ’ਚ ਸੁਣਾਏ ਗਏ ਫੈਸਲੇ ਵਿਚ ਜੱਜਾਂ ਦੀ ਬੈਂਚ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਫੇਰੀ ਨੂੰ ਸਭ ਤੋਂ ਅਹਿਮ ਸਬੂਤ ਦੱਸਦੇ ਹੋਏ ਜਨਮ ਸਾਖੀ ਦੀ ਉਦਾਹਰਣ ਨੂੰ ਮੰਨਿਆ ਹੈ। ਦੂਜਾ ਮਹੱਤਵਪੂਰਨ ਸਬੂਤ ਅਯੁੱਧਿਆ ਵਿਚ ਰਾਮ ਮੰਦਰ ਲਈ 1858 ਵਿਚ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਯੱਗ ਨੂੰ ਮੰਨਿਆ ਗਿਆ।
ਸਿੱਖ ਧਰਮ ਗੁਰੂਆਂ ਦੀ ਅਯੁੱਧਿਆ ਯਾਤਰਾ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ 1510-11 ਵਿਚ ਰਾਮ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਅਯੁੱਧਿਆ ਗਏ ਸਨ। 1525 ਤੋਂ ਬਾਅਦ ਬਾਬਰ ਵੱਲੋਂ ਕੀਤੇ ਗਏ ਜ਼ੁਲਮਪੁਣੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ’ਚ ‘ਹਮਲਾਵਰ’ ਕਹਿ ਕੇ ਉਸ ਦੇ ਵਹਿਸ਼ੀਪੁਣੇ ਦਾ ਵਰਣਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਅਯੁੱਧਿਆ ’ਤੇ ਬਾਬਰ ਦੇ ਜ਼ੁਲਮਾਂ ਦੇ ਬਾਵਜੂਦ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਸਮੇਂ-ਸਮੇਂ ’ਤੇ ਅਯੁੱਧਿਆ ਦੀ ਪਵਿੱਤਰ ਧਰਤੀ ’ਤੇ ਆਏ ਸਨ। ਇਨ੍ਹਾਂ ਸਾਰੇ ਗੁਰੂਆਂ ਦੀਆਂ ਯਾਦਗਾਰਾਂ ਅਜੇ ਵੀ ਅਯੁੱਧਿਆ ਦੇ ਬ੍ਰਹਮਕੁੰਡ ਗੁਰਦੁਆਰੇ ਵਿਚ ਸੁਰੱਖਿਅਤ ਰੱਖੀਆਂ ਹਨ, ਜਿੱਥੇ ਤਿੰਨ ਗੁਰੂਆਂ ਨੇ ਸਿਮਰਨ ਕੀਤਾ ਸੀ।
1858 ’ਚ ਨਿਹੰਗ ਸਿੰਘਾਂ ਵੱਲੋਂ ਸ਼੍ਰੀ ਰਾਮ ਜਨਮ ਅਸਥਾਨ ਲਈ ਆਪਣੇ ਸੰਘਰਸ਼ ਵਜੋਂ ਵਿਵਾਦਿਤ ਢਾਂਚੇ ’ਚ ਪੂਜਾ-ਅਰਚਨਾ ਨੂੰ ਇਕ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ ਕਿਉਂਕਿ ਰਾਮ ਜਨਮ ਭੂਮੀ ਦੇ ਲਈ ਉਨ੍ਹਾਂ ਵਿਰੁੱਧ ਪਹਿਲੀ ਐਫ.ਆਈ.ਆਰ ਦਰਜ ਕੀਤੀ ਗਈ ਸੀ।
ਇਸੇ ਲੜੀ ਵਿਚ 2018 ਵਿਚ ਦੇਸ਼ ਦੀਆਂ 5 ਵੱਖ-ਵੱਖ ਥਾਵਾਂ ਤੋਂ ਅਯੁੱਧਿਆ ਪਹੁੰਚੇ 5 ਸਿੱਖਾਂ ਦੇ ਸਮਰਪਣ ਭਾਵ ਦੀ ਘਟਨਾ ਇਕ ਦਿਲਚਸਪ ਉਦਾਹਰਣ ਪੇਸ਼ ਕਰਦੀ ਹੈ। ਦਿੱਲੀ ਤੋਂ ਆਰ.ਪੀ ਸਿੰਘ, ਅੰਮ੍ਰਿਤਸਰ ਤੋਂ ਜਰਨੈਲ ਸਿੰਘ, ਕਾਨਪੁਰ ਤੋਂ ਗੁਰਵਿੰਦਰ ਸਿੰਘ ਛਾਬੜਾ, ਸੂਰਤ ਤੋਂ ਸੁਰਿੰਦਰ ਸਿੰਘ ਅਤੇ ਹੈਦਰਾਬਾਦ ਤੋਂ ਵਾਹਿਗੁਰੂ ਸਿੰਘ ਨੇ ਅਯੁੱਧਿਆ ਪਹੁੰਚ ਕੇ ਦੀਵਾਲੀ ਵਾਲੇ ਦਿਨ ਬ੍ਰਹਮਕੁੰਡ ਗੁਰਦੁਆਰੇ ਵਿਖੇ ਸ਼੍ਰੀ ਰਾਮ ਲੱਲਾ ਦੇ ਵਿਸ਼ਾਲ ਮੰਦਰ ਲਈ ਅਖੰਡ ਪਾਠ ਕਰਕੇ ਅਰਦਾਸ ਕੀਤੀ। ਇਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਸਾਰੇ ਰਸਤੇ ਬੰਦ ਨਜ਼ਰ ਆਉਂਦੇ ਹਨ ਤਾਂ ਰੱਬ ਦਾ ਦਰਵਾਜ਼ਾ ਹੀ ਰਸਤਾ ਦਿਖਾਉਂਦਾ ਹੈ।
ਰਾਮ ਮੰਦਿਰ ਵਿਵਾਦ ਨੂੰ ਜਲਦੀ ਸੁਲਝਾਉਣ ਦੀ ਇਸ ਭਾਵਨਾ ਅਤੇ ਵਿਸ਼ਵਾਸ ਨਾਲ ਇਹ ਪੰਜੇ ਜਣੇ ਅਯੁੱਧਿਆ ’ਚ ਭਗਵਾਨ ਦੇ ਚਰਨਾਂ ’ਚ ਅਰਦਾਸਾਂ ਲੈ ਕੇ ਪੁੱਜੇ ਸਨ। ਇਹ ਕਿੰਨਾ ਅਜੀਬ ਇਤਫ਼ਾਕ ਸੀ ਕਿ ਇਨ੍ਹਾਂ ਦੀ ਅਰਦਾਸ ਦੇ ਇਕ ਸਾਲ ਦੇ ਅੰਦਰ ਹੀ ਅਦਾਲਤ ਦਾ ਫੈਸਲਾ ਆ ਗਿਆ ਅਤੇ ਉਹ ਵੀ ਸਨਾਤਨ ਦੇ ਹੱਕ ਵਿੱਚ।
ਅੱਜ ਜਦੋਂ ਦੇਸ਼ ਅਤੇ ਦੁਨੀਆ ਭਰ ਦੇ ਸਨਾਤਨੀ ਲੋਕ 22 ਜਨਵਰੀ ਨੂੰ ਰਾਮ ਲੱਲਾ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ ਤਾਂ ਸਿੱਖਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅਤੇ ਕਿਉਂ ਨਾ ਹੋਵੇ। ਸਮੁੱਚੀ ਸਿੱਖ ਕੌਮ ਆਪਣੇ ਪੂਜਨੀਕ ਗੁਰੂ ਸਾਹਿਬਾਨ ਵੱਲੋਂ ਕੀਤੇ ਗਏ ਉਸੇ ਸੰਘਰਸ਼ ਅਤੇ ਨਿਰੰਤਰ ਸਹਿਯੋਗ ਸਦਕਾ ਰਾਮ ਮੰਦਰ ਨੂੰ ਸਿਰੇ ਚੜ੍ਹਦਾ ਦੇਖ ਕੇ ਫਖ਼ਰ ਮਹਿਸੂਸ ਕਰ ਰਹੀ ਹੈ, ਜਿਸ ਲਈ ਅੱਜ ਦੇ ਸਮਕਾਲੀ ਸਿੱਖਾਂ ਨੇ ਬੜੀ ਹਿੰਮਤ ਨਾਲ ਮੋਢੇ ਨਾਲ ਮੋਢਾ ਜੋੜਿਆ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਿੱਖ ਕੌਮ ਦੇ ਨੁਮਾਇੰਦੇ ਆਪੋ-ਆਪਣੇ ਤਰੀਕਿਆਂ ਨਾਲ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਆਰ.ਪੀ. ਸਿੰਘ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਦਿਨਾਂ ਦੇ ਯੱਗ ਤੋਂ ਪ੍ਰੇਰਿਤ ਹੋ ਕੇ ਖੁਦ ਸਖਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਹਾਯੱਗ ਆਰੰਭ ਕੀਤਾ ਅਤੇ 11 ਦਿਨ ਦਾ ਵਰਤ ਵੀ ਰੱਖਿਆ। ਅਯੁੱਧਿਆ ਦੇ ਬ੍ਰਹਮਕੁੰਡ ਵਿਚ ਅਖੰਡ ਪਾਠ ਰੱਖਿਆ ਗਿਆ ਹੈ ਜੋ 21 ਜਨਵਰੀ ਤੱਕ ਚੱਲ ਕੇ ਅਤੇ ਭੋਗ ਦੇ ਨਾਲ ਸੰਪੰਨ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।