ਇਤਿਹਾਸਕ ਗੁਰਦੁਆਰਾ ਸਾਹਿਬ ''ਚ ਕਰੋੜਾਂ ਦੇ ਫੰਡ ਗਬਨ ਮਾਮਲੇ ''ਚ ਨਵਾਂ ਮੋੜ

Thursday, Dec 19, 2024 - 11:57 AM (IST)

ਇਤਿਹਾਸਕ ਗੁਰਦੁਆਰਾ ਸਾਹਿਬ ''ਚ ਕਰੋੜਾਂ ਦੇ ਫੰਡ ਗਬਨ ਮਾਮਲੇ ''ਚ ਨਵਾਂ ਮੋੜ

ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਪ੍ਰਬੰਧਕ ਕਮੇਟੀ ’ਤੇ ਲੱਗੇ ਕਰੋੜਾਂ ਰੁਪਏ ਫੰਡਾਂ ਦੇ ਗਬਨ ਦੋਸ਼ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਬਾਬਾ ਵਧਾਵਾ ਸਿੰਘ ’ਤੇ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਤੋਂ ਪ੍ਰਾਪਤ ਹੋਈ। ਇਸ ਵਿਚ ਲਿਖਿਆ ਗਿਆ ਕਿ ਬਾਬਾ ਵਧਾਵਾ ਸਿੰਘ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਬਾਬਾ ਮਹਿੰਦਰ ਸਿੰਘ ਦੀ ਦੇਖ-ਰੇਖ ਹੇਠ ਕਾਰ ਸੇਵਾ ਦਾ ਕੰਮ ਸੰਭਾਲਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਵਧਾਵਾ ਸਿੰਘ ਨੇ ਬਿਨਾਂ ਪ੍ਰਵਾਨਗੀ ਤੋਂ ਦਲਜੀਤ ਸਿੰਘ ਅਤੇ ਜਗਦੀਸ਼ ਸਿੰਘ ਨਾਲ ਮਿਲ ਕੇ ਇੱਕ ਜਾਅਲੀ ਪ੍ਰਬੰਧਕ ਕਮੇਟੀ ਦਾ ਗਠਨ ਕਰ ਲਿਆ।

ਇਹ ਜਾਅਲੀ ਪ੍ਰਬੰਧਕ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਮਾਛੀਵਾੜਾ ਸਾਹਿਬ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਜੋ 2 ਕਰੋੜ 95 ਲੱਖ ਰੁਪਏ ਜਮ੍ਹਾਂ ਸਨ, ਉਹ ਇੱਕ ਨਵਾਂ ਖ਼ਾਤਾ ਖੁੱਲ੍ਹਵਾ ਕੇ ਇੱਕ ਹੋਰ ਬੈਂਕ ਵਿਚ ਟਰਾਂਸਫਰ ਕਰ ਦਿੱਤੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਕਿਸੇ ਵੀ ਪ੍ਰਬੰਧਕ ਕਮੇਟੀ ਦੇ ਖ਼ਾਤੇ ’ਚੋਂ 50 ਹਜ਼ਾਰ ਤੋਂ ਵੱਧ ਨਕਦ ਨਹੀਂ ਕੱਢਵਾਏ ਜਾ ਸਕਦੇ ਪਰ ਇਨ੍ਹਾਂ ਸਾਰਿਆਂ ਨੇ ਜਿੱਥੇ ਲੱਖਾਂ ਰੁਪਏ ਨਕਦ ਕੱਢਵਾਏ, ਉੱਥੇ ਇਨ੍ਹਾਂ ਆਪਣੇ ਨਿੱਜੀ ਖ਼ਾਤਿਆਂ ਵਿਚ ਵੀ ਲੱਖਾਂ ਰੁਪਏ ਟਰਾਂਸਫਰ ਕਰ ਦਿੱਤੇ, ਜੋ ਕਿ ਗੈਰ-ਕਾਨੂੰਨੀ ਹਨ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਬਾਬਾ ਵਧਾਵਾ ਸਿੰਘ ਦੀ ਵੀ ਪ੍ਰਬੰਧਕ ਕਮੇਟੀ ਨਾਲ ਮਿਲੀ-ਭੁਗਤ ਸਾਹਮਣੇ ਆਈ, ਜਿਨ੍ਹਾਂ ਨੇ ਲੱਖਾਂ ਰੁਪਏ ਨਕਦ ਕੱਢਵਾਏ। ਥਾਣਾ ਮੁਖੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਪਹਿਲਾਂ ਕੀਤੇ ਗਏ ਗਬਨ ਮਾਮਲੇ ਵਿਚ ਪ੍ਰਬੰਧਕ ਕਮੇਟੀ ਦੇ ਨਾਲ ਬਾਬਾ ਵਧਾਵਾ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
9.60 ਲੱਖ ਰੁਪਏ ਦੇ ਲੱਗੇ ਸੋਲਰ ਸਿਸਟਮ ’ਚ ਵੀ ਹੋਇਆ ਗਬਨ
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਫੰਡਾਂ ਦੇ ਗਬਨ ਮਾਮਲੇ ਦੀ ਜਾਂਚ ਦੌਰਾਨ ਵੱਡੇ ਖ਼ੁਲਾਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਨੇ 9.60 ਲੱਖ ਰੁਪਏ ਸੋਲਰ ਸਿਸਟਮ ਲਗਾਉਣ ਲਈ ਇਸ ਸਬੰਧੀ ਇੱਕ ਕੰਪਨੀ ਦੇ ਖ਼ਾਤੇ ਵਿਚ ਗੁਰਦੁਆਰਾ ਸਾਹਿਬ ਦੇ ਖ਼ਾਤੇ ’ਚੋਂ ਪੈਸੇ ਟਰਾਂਸਫਰ ਕੀਤੇ ਗਏ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ 9.60 ਲੱਖ ਰੁਪਏ ਕੰਪਨੀ ਤੋਂ ਨਕਦ ਵਾਪਸ ਲੈ ਲਏ ਗਏ, ਜਦਕਿ ਸੋਲਰ ਸਿਸਟਮ ਲਗਾਇਆ ਹੀ ਨਹੀਂ ਗਿਆ। ਇਸ ਤੋਂ ਇਲਾਵਾ 5.50 ਲੱਖ ਰੁਪਏ 10 ਮਹੀਨਿਆਂ ਅੰਦਰ ਗੁਰੂ ਸਾਹਿਬ ਦੀ ਪਾਲਕੀ ਲਈ ਪੈਟਰੋਲ ਖ਼ਰਚਾ ਕਰ ਦਿੱਤਾ ਗਿਆ, ਜੋ ਕਿ ਸ਼ੱਕ ਦੇ ਘੇਰੇ ’ਚ ਹੈ, ਉਸਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਫੰਡਾਂ ਦੇ ਗਬਨ ਮਾਮਲੇ ਵਿਚ ਹੋਰ ਵੀ ਕਈ ਫਸਣਗੇ
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਫੰਡਾਂ ਦੇ ਗਬਨ ਮਾਮਲੇ ਦੀ ਜਾਂਚ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ। ਫਿਲਹਾਲ ਤਾਂ ਬਾਬਾ ਵਧਾਵਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਜਾਂਚ ਦੌਰਾਨ ਹੋਰ ਵੀ ਕਈ ਵਿਅਕਤੀ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਖ਼ਾਤੇ ’ਚੋਂ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਨਿੱਜੀ ਖ਼ਾਤੇ ਵਿਚ ਪੈਸੇ ਪਵਾਏ ਹਨ ਅਤੇ ਉਸ ਤੋਂ ਬਾਅਦ ਇਹ ਪੈਸੇ ਗਬਨ ਕਰਨ ਦੀ ਨੀਅਤ ਨਾਲ ਹੋਰ ਵਿਅਕਤੀਆਂ ਦੇ ਖ਼ਾਤੇ ਵਿਚ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਵਿਚ ਦੋਸ਼ੀ ਹੋਣਗੇ, ਉਹ ਬਖ਼ਸੇ ਨਹੀਂ ਜਾਣਗੇ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਇਤਿਹਾਸਕ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੈ ਅਤੇ ਪੁਲਸ ਉੱਚ ਅਧਿਕਾਰੀਆਂ ਦੇ ਸਖ਼ਤ ਨਿਰਦੇਸ਼ ਹਨ ਕਿ ਇਸ ਮਾਮਲੇ ਵਿਚ ਜਿਸ ਕਿਸੇ ਨੇ ਵੀ ਕੋਈ ਗਬਨ ਕੀਤਾ ਹੈ ਉਸਨੂੰ ਬਖ਼ਸਿਆ ਨਾ ਜਾਵੇ।


author

Babita

Content Editor

Related News