ਕਸ਼ਮੀਰ ਵਿਚ ਘੁਸਪੈਠ ਦੀ ਫਿਰਾਕ ’ਚ Pok ਦੇ ਕੈਂਪਾਂ ਵਿਚ ਬੈਠੇ ਹਨ 500 ਅੱਤਵਾਦੀ

10/11/2019 8:02:01 PM

ਭੱਦਰਵਾਹ/ਜੰਮੂ – ਫੌਜ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਕੰਟਰੋਲ ਰੇਖਾ ਦੇ ਕੋਲ ਵੱਖ-ਵੱਖ ਟ੍ਰੇਨਿੰਗ ਕੈਂਪਾਂ ਵਿਚ 500 ਤੋਂ ਜ਼ਿਆਦਾ ਅੱਤਵਾਦੀ ਜੰਮੂ-ਕਸ਼ਮੀਰ ਵਿਚ ਘੁਸਪੈਠ ਲਈ ਮੌਕੇ ਦੀ ਫਿਰਾਕ ਵਿਚ ਬੈਠੇ ਹਨ। ਉਨ੍ਹਾਂ ਕਿਹਾ ਕਿ 200 ਤੋਂ 300 ਅੱਤਵਾਦੀ ਪਾਕਿਸਤਾਨ ਦੇ ਸਹਿਯੋਗ ਨਾਲ ਇਸ ਖੇਤਰ ਨੂੰ ਅਸ਼ਾਂਤ ਬਣਾਈ ਰੱਖਣ ਲਈ ਜੰਮੂ-ਕਸ਼ਮੀਰ ਅੰਦਰ ਸਰਗਰਮ ਹਨ। ਫੌਜ ਦੀ ਉੱਤਰੀ ਕਮਾਨ ਦੇ ਮੁਖੀ ਲੈਫ. ਜਨਰਲ ਰਣਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਥੋਂ ਤੱਕ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਦੀ ਗੱਲ ਹੈ ਤਾਂ ਬਾਹਰੋਂ ਆਏ 200-300 ਅੱਤਵਾਦੀ ਆਪਣੇ ਕੰਮ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਅਤੇ ਦੇਸ਼ ਵਿਚ ਘੁਸਪੈਠ ਕਰਨ ਲਈ ਪੀ. ਓ. ਕੇ. ਵਿਚ ਤਿਆਰ ਬੈਠੇ ਅੱਤਵਾਦੀਆਂ ਦੀ ਗਿਣਤੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ। ਇਸੇ ਤਰ੍ਹਾਂ ਲਗਭਗ 500 ਅੱਤਵਾਦੀ ਪੀ. ਓ. ਕੇ. ਵਿਚ ਟ੍ਰੇਨਿੰਗ ਕੈਂਪਾਂ ਵਿਚ ਡੇਰਾ ਲਾਈ ਬੈਠੇ ਹਨ ਅਤੇ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਲਈ ਤਿਆਰ ਹਨ। ਅੱਤਵਾਦੀਆਂ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਹਿਸਾਬ ਨਾਲ ਇਹ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ।

ਘਾਟੀ ’ਚ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਨਹੀਂ ਕਰ ਪਾ ਰਿਹਾ ਪਾਕਿਸਤਾਨ
ਉਨ੍ਹਾਂ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਣ ਪਾਕਿਸਤਾਨ ਇਥੇ ਸਰਗਰਮ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰ ਪਾ ਰਿਹਾ। ਇਸ ਵਜ੍ਹਾ ਨਾਲ ਘਾਟੀ ਦੇ ਅੱਤਵਾਦੀ ਆਪਣੇ ਨਾਪਾਕ ਇਰਾਦਿਆਂ ਲਈ ਪੁਲਸ ਮੁਲਾਜ਼ਮਾਂ ਦੇ ਹਥਿਆਰ ਖੋਹ ਰਹੇ ਹਨ। ਹਥਿਆਰਾਂ ਦੀ ਸਪਲਾਈ ਵਿਚ ਦਿੱਕਤ ਤੋਂ ਬਾਅਦ ਗੁਆਂਢੀ ਦੇਸ਼ ਜੰਮੂ ਅਤੇ ਕਸ਼ਮੀਰ ਵਿਚ ਦੂਜੇ ਰਸਤਿਆਂ ਦੀ ਤਲਾਸ਼ ਕਰ ਰਿਹਾ ਹੈ। ਇਸ ਵਿਚ ਇਕ ਤਰੀਕਾ ਹੈ ਪੁਲਸ ਅਤੇ ਸੁਰੱਖਿਆ ਬਲਾਂ ਤੋਂ ਹਥਿਆਰ ਖੋਹਣਾ। ਜਦੋਂ ਸਿੰਘ ਤੋਂ ਪਾਕਿਸਤਾਨ ਵਲੋਂ ਪੰਜਾਬ ਵਿਚ ਡ੍ਰੋਨ ਦੇ ਮਾਧਿਅਮ ਨਾਲ ਹਥਿਆਰ ਸੁੱਟਣ ਦੇ ਮੁੱਦੇ ’ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਹਥਿਆਰਾਂ ਨਾਲ ਲੈਸ ਰੱਖਣ ਲਈ ਡ੍ਰੋਨਾਂ ਦੀ ਤਾਇਨਾਤੀ ਪਾਕਿਸਤਾਨ ਦਾ ਨਵਾਂ ਤਰੀਕਾ ਹੈ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਿਸੇ ਵੀ ਨਾਪਾਕ ਮਨਸੂਬਿਆਂ ਨੂੰ ਅਸਫਲ ਕਰਨ ਵਿਚ ਸਮਰੱਥ ਅਤੇ ਤਿਆਰ-ਬਰ-ਤਿਆਰ ਹੈ। ਉਨ੍ਹਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ : ਅੱਤਵਾਦੀਆਂ ਤੋਂ ਡਰਨ ਦੀ ਜ਼ਰੂਰਤ ਨਹੀਂ
ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਲਾਈਆਂ ਗਈਆਂ ਪਾਬੰਦੀਆਂ ਦੇ 68ਵਾਂ ਦਿਨ ਹੋਣ ਦੇ ਨਾਲ ਰਾਜ ਪ੍ਰਸ਼ਾਸਨ ਨੇ ਸਥਾਨਕ ਅਖਬਾਰਾਂ ਵਿਚ ਪੂਰੇ ਪੰਨੇ ਦਾ ਇਸ਼ਤਿਹਾਰ ਜਾਰੀ ਕਰ ਕੇ ਲੋਕਾਂ ਨੂੰ ਅੱਤਵਾਦੀਆਂ ਦੀਆਂ ਧਮਕੀਆਂ ਤੋਂ ਨਾ ਡਰਨ ਅਤੇ ਆਪਣੀਆਂ ਆਮ ਗਤੀਵਿਧੀਆਂ ਬਹਾਲ ਕਰਨ ਨੂੰ ਕਿਹਾ ਹੈ। ਕਸ਼ਮੀਰ ਦੀਆਂ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਇਸ਼ਤਿਹਾਰਾਂ ਵਿਚ ਕਿਹਾ ਗਿਆ ਹੈ ਕਿ ਕੀ ਸਾਨੂੰ ਅੱਤਵਾਦੀਆਂ ਸਾਹਮਣੇ ਗੋਡੇ ਟੇਕਣੇ ਚਾਹੀਦੇ ਹਨ? ਪਿਛਲੇ 70 ਸਾਲਾਂ ਤੋਂ ਹੁਣ ਤੱਕ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਨਿੱਜੀ ਸਵਾਰਥਾਂ ਨਾਲ ਕੂੜ ਪ੍ਰਚਾਰ ਕਰਦਿਆਂ ਅੱਤਵਾਦ, ਹਿੰਸਾ, ਬਰਬਾਦੀ ਅਤੇ ਗਰੀਬੀ ਦੇ ਅੰਤਹੀਣ ਚੱਕਰ ਵਿਚ ਉਨ੍ਹਾਂ ਨੂੰ ਫਸਾਈ ਰੱਖਿਆ ਗਿਆ।


Inder Prajapati

Content Editor

Related News