ਅਯੁੱਧਿਆ ’ਚ ਹਨ 50 ਤੋਂ 60 ਮਸਜਿਦਾਂ, ਮੁਸਲਮਾਨ ਕਿਤੇ ਵੀ ਅਦਾ ਕਰ ਸਕਦੇ ਹਨ ਨਮਾਜ਼ : ਹਿੰਦੂ ਧਿਰ

10/15/2019 7:07:26 PM

ਨਵੀਂ ਦਿੱਲੀ — ਸੁਪਰੀਮ ਕੋਰਟ ’ਚ ਅਯੁੱਧਿਆ ਵਿਵਾਦ ਦੀ ਮੰਗਲਵਾਰ 39ਵੇਂ ਦਿਨ ਦੀ ਸੁਣਵਾਈ ਦੌਰਾਨ ਹਿੰਦੂ ਧਿਰ ਨੇ ਕਿਹਾ ਕਿ ਅਯੁੱਧਿਆ ਵਿਚ 50 ਤੋਂ 60 ਮਸਜਿਦਾਂ ਹਨ, ਮੁਸਲਮਾਨ ਕਿਤੇ ਵੀ ਜਾ ਕੇ ਨਮਾਜ਼ ਅਦਾ ਕਰ ਸਕਦੇ ਹਨ।

ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ’ਤੇ ਆਧਾਰਿਤ ਸੰਵਿਧਾਨਕ ਬੈਂਚ ਦੇ ਸਾਹਮਣੇ ਿਹੰਦੂ ਧਿਰ ਦੇ ਵਕੀਲ ਕੇ. ਪਰਾਸਰਨ ਨੇ ਦਲੀਲ ਦਿੱਤੀ ਕਿ ਮੌਜੂਦਾ ਥਾਂ ਭਗਵਾਨ ਰਾਮ ਦਾ ਜਨਮ ਅਸਥਾਨ ਹੈ, ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਕਿਸੇ ਨੂੰ ਵੀ ਭਾਰਤ ਦੇ ਇਤਿਹਾਸ ਨੂੰ ਤਬਾਹ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੂੰ ਇਤਿਹਾਸ ਦੀ ਗਲਤੀ ਨੂੰ ਠੀਕ ਕਰਨਾ ਚਾਹੀਦਾ ਹੈ। ਇਕ ਵਿਦੇਸ਼ੀ ਭਾਰਤ ਵਿਚ ਆ ਕੇ ਆਪਣੇ ਕਾਨੂੰਨ ਲਾਗੂ ਨਹੀਂ ਕਰ ਸਕਦਾ। ਉਨ੍ਹਾਂ ਆਪਣੀ ਦਲੀਲ ਦੀ ਸ਼ੁਰੂਆਤ ਭਾਰਤ ਦੇ ਇਤਿਹਾਸ ਨਾਲ ਕੀਤੀ।

ਅਦਾਲਤ ਦੇ ਨਿਰਦੇਸ਼ਾਂ ਪਿੱਛੋਂ ਵਕੀਲ ਵੀ. ਪੀ. ਸ਼ਰਮਾ ਨੇ ਲਿਖਤੀ ਦਲੀਲ ਨਾਲ ਕੁਰਾਨ ਦੇ ਅੰਗਰੇਜ਼ੀ ਅਨੁਵਾਦ ਦੀ ਕਾਪੀ ਰਜਿਸਟਰੀ ਨੂੰ ਸੌਂਪੀ। ਹਿੰਦੂਆਂ ਅਤੇ ਸਿੱਖਾਂ ਦੇ ਧਾਰਮਿਕ ਪਵਿੱਤਰ ਗ੍ਰੰਥ ਵੀ ਬਾਅਦ ਵਿਚ ਸੌਂਪੇ ਜਾਣਗੇ। ਹਿੰਦੂ ਧਿਰ ਦੇ ਵਕੀਲ ਨੇ ਮੰਦਰ ਦੇ ਸਬੂਤ ਵਜੋਂ ਕੁਝ ਦਸਤਾਵੇਜ਼ ਸੰਵਿਧਾਨਕ ਬੈਂਚ ਨੂੰ ਦੇਣ ਦੀ ਬੇਨਤੀ ਕੀਤੀ। ਹਿੰਦੂ ਧਿਰ ਵਲੋਂ ਨਿਰਮੋਹੀ ਅਖਾੜਾ ਬੁੱਧਵਾਰ ਆਪਣੀਆਂ ਦਲੀਲਾਂ ਰੱਖੇਗਾ।

ਜਦੋਂ ਰੰਜਨ ਗੋਗੋਈ ਨੇ ਧਵਨ ਨੂੰ ਪੁੱਛਿਆ– ਹਿੰਦੂ ਧਿਰ ਕੋਲੋਂ ਵੀ ਹੁਣ ਪੁੱਛੇ ਜਾ ਰਹੇ ਹਨ ਨਾ ਸਵਾਲ?
ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਬੈਂਚ ਵਲੋਂ ਹਿੰਦੂ ਧਿਰ ਦੇ ਵਕੀਲ ਕੇ. ਪਰਾਸਰਨ ਕੋਲੋਂ ਧੜਾਧੜ ਸਵਾਲ ਪੁੱਛੇ ਜਾ ਰਹੇ ਸਨ ਤਾਂ ਚੀਫ ਜਸਟਿਸ ਰੰਜਨ ਗੋਗੋਈ ਨੇ ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਕੋਲੋਂ ਪੁੱਛਿਆ ਕਿ ਕੀ ਉਹ ਹੁਣ ਸੰਤੁਸ਼ਟ ਹਨ? ਅਸੀਂ ਅੱਜ ਹਿੰਦੂ ਧਿਰ ਦੇ ਵਕੀਲ ਕੋਲੋਂ ਬਹੁਤ ਸਾਰੇ ਸਵਾਲ ਪੁੱਛੇ ਹਨ। ਸੀ. ਜੇ. ਆਈ. ਦੇ ਇੰਨਾ ਕਹਿਣ ’ਤੇ ਪੂਰੇ ਕੋਰਟ ਰੂਮ ਵਿਚ ਹਾਸੇ ਦੀ ਲਹਿਰ ਦੌੜ ਗਈ। ਅਸਲ ’ਚ ਸੋਮਵਾਰ ਧਵਨ ਨੇ ਸ਼ਿਕਵਾ ਕੀਤਾ ਸੀ ਕਿ ਹਿੰਦੂ ਧਿਰ ਦੇ ਵਕੀਲ ਕੋਲੋਂ ਕੋਈ ਸਵਾਲ ਨਹੀਂ ਪੁੱਛੇ ਜਾ ਰਹੇ, ਜਦਕਿ ਮੁਸਲਿਮ ਧਿਰ ਦੇ ਵਕੀਲ ’ਤੇ ਸਵਾਲਾਂ ਦੀ ਵਾਛੜ ਕੀਤੀ ਜਾ ਰਹੀ ਹੈ।


Inder Prajapati

Content Editor

Related News