ਦੁਨੀਆ ਭਰ ’ਚ ਬਣਨ ਵਾਲੀਆਂ 8 ਅਰਬ ਵੈਕਸੀਨ ਖੁਰਾਕਾਂ ’ਚੋਂ ਅੱਧੀਆਂ ਦਾ ਨਿਰਮਾਣ ਭਾਰਤ ’ਚ
Tuesday, Oct 15, 2024 - 11:37 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲਿਲਾ ਸ਼੍ਰੀਵਾਸਤਵ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਦੁਨੀਆ ਭਰ ਵਿਚ ਨਿਰਮਿਤ ਅਤੇ ਵੰਡੀਆਂ ਗਈਆਂ 8 ਅਰਬ ਵੈਕਸੀਨ ਖੁਰਾਕਾਂ ਵਿਚੋਂ ਅੱਧੀਆਂ ਭਾਰਤ ਵਿਚ ਬਣਾਈਆਂ ਗਈਆਂ।
ਉਨ੍ਹਾਂ ਅੱਜ ਇਥੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਵੱਲੋਂ ਆਯੋਜਿਤ ਸਾਲਾਨਾ ‘ਇੰਡੀਆ ਲੀਡਰਸ਼ਿਪ ਸਮਿਟ 2024’ ਨੂੰ ਸੰਬੋਧਨ ਕੀਤਾ। ਸ਼੍ਰੀਵਾਸਤਵ ਨੇ ਕਿਹਾ ਕਿ ਜੈਨਰਿਕ ਦਵਾਈਆਂ ਦਾ ਤੀਜਾ ਸਭ ਤੋਂ ਵੱਡਾ ਨਿਰਮਾਤਾ ਅਤੇ ਪ੍ਰਮੁੱਖ ਸਪਲਾਇਰ ਹੋਣ ਦੇ ਨਾਤੇ ਭਾਰਤ ਫਾਰਮਾਸਿਊਟੀਕਲਸ ਸੈਕਟਰ ਵਿਚ ਇਕ ਗਲੋਬਲ ਲੀਡਰ ਵਜੋਂ ਉਭਰਿਆ ਹੈ।
ਇਸ ਖੇਤਰ ਦੀ ਸਫਲਤਾ ਦੇ ਨਤੀਜੇ ਵਜੋਂ ਦੁਨੀਆ ਭਰ ’ਚ ਸਿਹਤ ਸੇਵਾ ਪ੍ਰਣਾਲੀਆਂ ਲਈ ਲੋੜੀਂਦੀ ਬੱਚਤ ਹੋਈ ਹੈ, ਜਿਸ ਵਿਚ ਅਮਰੀਕੀ ਸਿਹਤ ਸੇਵਾ ਪ੍ਰਣਾਲੀ ਵਿਚ ਜ਼ਿਕਰਯੋਗ ਯੋਗਦਾਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਉਦਯੋਗ ਦੇ ਯੋਗਦਾਨ ਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਅਮਰੀਕਾ ਤੋਂ ਬਾਹਰ ਭਾਰਤ ਵਿਚ ਸਭ ਤੋਂ ਵੱਧ ਯੂ. ਐੱਸ. ਐੱਫ. ਡੀ. ਏ. ਵੱਲੋਂ ਪ੍ਰਵਾਨਿਤ ਫਾਰਮਾਸਿਊਟੀਕਲ ਪਲਾਂਟ ਹਨ। ਇਹ ਅਮਰੀਕਾ ਤੋਂ ਬਾਹਰ ਯੂ. ਐੱਸ. ਐੱਫ. ਡੀ. ਏ.-ਪ੍ਰਵਾਨਿਤ ਪਲਾਂਟਾਂ ਦੀ ਕੁੱਲ ਗਿਣਤੀ ਦਾ 25 ਫੀਸਦੀ ਹੈ।