50 ਦੇਸ਼ਾਂ ਨੇ ਕੋਵਿਨ ਐਪ ’ਚ ਦਿਲਚਸਪੀ ਦਿਖਾਈ, ਭਾਰਤ ਸਾਫਟਵੇਅਰ ਸਾਂਝਾ ਕਰਨ ਲਈ ਤਿਆਰ
Tuesday, Jun 29, 2021 - 11:50 AM (IST)

ਨਵੀਂ ਦਿੱਲੀ– ਕੈਨੇਡਾ, ਮੈਕਸੀਕੋ, ਨਾਈਜੀਰੀਆ ਤੇ ਪਨਾਮਾ ਸਮੇਤ ਲਗਭਗ 50 ਦੇਸ਼ਾਂ ਨੇ ਆਪਣੀ ਟੀਕਾਕਰਨ ਮੁਹਿੰਮ ਲਈ ਕੋਵਿਨ ਐਪ ਵਿਚ ਦਿਲਚਸਪੀ ਦਿਖਾਈ ਹੈ ਅਤੇ ਭਾਰਤ ‘ਓਪਨ ਸੋਰਸ ਸਾਫਟਵੇਅਰ’ ਮੁਫ਼ਤ ’ਚ ਸਾਂਝਾ ਕਰਨ ਲਈ ਤਿਆਰ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਕੋਵਿਡ-19 ਟੀਕਾਕਰਨ ਮੁਹਿੰਮ ਲਈ ਅਧਿਕਾਰ ਪ੍ਰਾਪਤ ਸਮੂਹ ਦੇ ਮੁਖੀ ਡਾ. ਆਰ. ਐੱਸ. ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਸਾਫਟਵੇਅਰ ਦਾ ਇਕ ਓਪਨ ਸੋਰਸ ਮਾਡਲ ਤਿਆਰ ਕਰਨ ਅਤੇ ਇਸ ਵਿਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਦੇਸ਼ ਨੂੰ ਮੁਫਤ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਸ਼ਰਮਾ ਨੇ ਕਿਹਾ ਕਿ ਕੋਵਿਨ ਮੰਚ ਇੰਨਾ ਲੋਕਪ੍ਰਸਿੱਧ ਹੋ ਗਿਆ ਹੈ ਕਿ ਮੱਧ ਏਸ਼ੀਆ, ਲਾਤਿਨੀ ਅਮਰੀਕਾ, ਅਫਰੀਕਾ ਦੇ ਕਰੀਬ 50 ਦੇਸ਼ਾਂ ਨੇ ਕੋਵਿਨ ਵਰਗੀ ਪ੍ਰਣਾਲੀ ’ਚ ਦਿਲਚਸਪੀ ਦਿਖਾਈ ਹੈ। ਉਹ ਦੂਜੇ ਲੋਕਸਿਹਤ ਸ਼ਿਖਰ ਸੰਮੇਲਨ 2021 ਨੂੰ ਸੰਬੋਧਨ ਕਰ ਰਹੇ ਸਨ। ਇਸ ਦਾ ਆਯੋਜਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨੇ ਕੀਤਾ ਸੀ।
ਉਨ੍ਹਾਂ ਕਿਹਾ ਵੀ ਕਿਹਾ ਕਿ ਦੁਨੀਆ ਭਰ ਦੇ ਸਿਹਤ ਅਤੇ ਤਕਨੀਕੀ ਮਾਹਿਰਾਂ ਦਾ ਇਕ ਗਲੋਬਲ ਸੰਮੇਲਨ 5 ਜੁਲਾਈ ਨੂੰ ਡਿਜੀਟਲ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ ਅਤੇ ਉਸ ਪ੍ਰੋਗਰਾਮ ’ਚ ਭਾਰਤ ਸਾਂਝਾ ਕਰੇਗਾ ਕਿ ਇਹ ਪ੍ਰਣਾਲੀ ਕਿਸ ਤਰ੍ਹਾਂ ਕੰਮ ਕਰਦੀ ਹੈ। ਸ਼ਰਮਾ ਨੇ ਕਿਹਾ ਕਿ ਅਸੀਂ ਵਿਸ਼ਵ ਨੂੰ ਦੱਸ ਰਹੇ ਹਾਂ ਕਿ ਇਹ ਪ੍ਰਣਾਲੀ ਕਿਵੇਂ ਕੰਮ ਕਰ ਸਕਦੀ ਹੈ ਅਤੇ ਅਸੀਂ ਕਿਸੇ ਵੀ ਦੇਸ਼ ਨਾਲ ‘ਓਪਨ ਸੋਰਸ’ ਸਾਫਟਵੇਅਰ ਮੁਫ਼ਤ ’ਚ ਸਾਂਝਾ ਕਰਨ ਲਈ ਕਿਸ ਤਰ੍ਹਾਂ ਤਿਆਰ ਹਾਂ। ਕੈਨੇਡਾ, ਮੈਕਸੀਕੋ, ਪਨਾਮਾ, ਪੇਰੂ, ਅਜਰਬੈਜਾਨ, ਯੂਕਰੇਨ, ਨਾਈਜੀਰੀਆ, ਯੁਗਾਂਡਾ ਆਦਿ ਦੇਸ਼ਾਂ ਨੇ ਕਾਫੀ ਦਿਲਚਸਪੀ ਦਿਖਾਈ ਹੈ।