5 ਸਾਲਾਂ ''ਚ 50 ਫੀਸਦੀ ਵਧੀ ਮੋਦੀ ਦੀ ਜਾਇਦਾਦ

Friday, Apr 26, 2019 - 08:33 PM (IST)

5 ਸਾਲਾਂ ''ਚ 50 ਫੀਸਦੀ ਵਧੀ ਮੋਦੀ ਦੀ ਜਾਇਦਾਦ

ਵਾਰਾਣਸੀ, (ਸੁਨੀਲ ਪਾਂਡੇ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਸ਼ੀ ਦੇ ਕੋਤਵਾਲ ਬਾਬਾ ਕਾਲ ਭੈਰਵ ਦਾ ਆਸ਼ੀਰਵਾਦ ਲੈ ਕੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਆਪਣੇ ਕਾਗਜ਼ ਦਾਖਲ ਕੀਤੇ। ਮੋਦੀ ਨੇ ਜ਼ਿਲਾ ਹੈੱਡਕੁਆਰਟਰ ਕੰਪਲੈਕਸ ਸਥਿਤ ਰਾਈਫਲ ਕਲੱਬ 'ਚ ਬਣੇ ਅਸਥਾਈ ਚੋਣ ਦਫਤਰ 'ਚ ਜ਼ਿਲਾ ਅਧਿਕਾਰੀ ਤੇ ਸਹਿ-ਜ਼ਿਲਾ ਚੋਣ ਅਧਿਕਾਰੀ ਸੁਰਿੰਦਰ ਸਿੰਘ ਸਾਹਮਣੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਚੋਣ ਅਧਿਕਾਰੀ ਨੇ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਪੀ. ਐੱਮ. ਮੋਦੀ ਨੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਹੁੰ ਚੁੱਕੀ। ਉਨ੍ਹਾਂ ਨਾਲ ਉਨ੍ਹਾਂ ਦੇ ਚਾਹਵਾਨ ਵੀ ਮੌਜੂਦ ਰਹੇ। ਮੋਦੀ ਦੀ ਨਾਮਜ਼ਦਗੀ ਮੌਕੇ ਇਕ ਪਾਸੇ ਰਾਜਗ ਦੀ ਇਕਜੁੱਟਤਾ ਦਿਖੀ।

ਇਹ ਰਹੇ ਮੋਦੀ ਦੇ ਚਾਹਵਾਨ
ਡੋਮਰਾਜਾ ਪਰਿਵਾਰ ਤੋਂ ਜਗਦੀਸ਼ ਚੌਧਰੀ, ਸਮਾਜਿਕ ਵਰਕਰ ਸੁਭਾਸ਼ ਗੁਪਤਾ, ਵਾਰਾਣਸੀ ਦੇ ਵਨੀਤਾ ਪਾਲੀਟੈਕਨੀਕਲ ਦੀ ਪ੍ਰਿੰਸੀਪਲ ਅਨਪੂਰਣਾ ਸ਼ੁਕਲਾ ਅਤੇ ਆਈ. ਸੀ. ਏ. ਆਰ. ਵਿਗਿਆਨੀ ਰਾਮ ਸ਼ੰਕਰ ਪਟੇਲ।

ਤਨਖਾਹ ਅਤੇ ਵਿਆਜ ਨੂੰ ਦੱਸਿਆ ਆਮਦਨ ਦਾ ਸੋਮਾ
ਮੋਦੀ ਨੇ ਸਰਕਾਰ ਤੋਂ ਤਨਖਾਹ ਅਤੇ ਬੈਂਕ ਤੋਂ ਵਿਆਜ ਨੂੰ ਆਪਣੀ ਆਮਦਨ ਦਾ ਸੋਮਾ ਦੱਸਿਆ ਹੈ ਜਦਕਿ ਉਨ੍ਹਾਂ ਦੀ ਪਤਨੀ ਦੀ ਆਮਦਨ ਦੇ ਸੋਮੇ ਬਾਰੇ ਹਲਫਨਾਮੇ 'ਚ ਕੁਝ ਨਹੀਂ ਲਿਖਿਆ ਹੈ। ਉਨ੍ਹਾਂ ਦੀ ਪਤਨੀ ਦੇ ਪੇਸ਼ੇ ਜਾਂ ਕਾਰੋਬਾਰ ਨੂੰ ਵੀ ਨਹੀਂ ਦੱਸਿਆ ਗਿਆ।

ਭਾਜਪਾ ਦੇ ਚੋਟੀ ਦੇ ਨੇਤਾਵਾਂ ਦਾ ਰਿਹਾ ਜਮਾਵੜਾ
ਭਾਜਪਾ ਨੇਤਾਵਾਂ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਰੇਲ ਮੰਤਰੀ ਪਿਊਸ਼ ਗੋਇਲ, ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ, ਲੋਕ ਜਨ ਸ਼ਕਤੀ ਮੁਖੀ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਅਪਨਾ ਦਲ ਦੀ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਤੋਂ ਇਲਾਵਾ ਕਈ ਸੂਬਿਆਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮੌਜੂਦ ਸਨ। ਸ਼ਿਵਸੈਨਾ ਮੁਖੀ ਊਧਵ ਠਾਕਰੇ, ਭਾਜਪਾ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਨੇ ਹਾਜ਼ਰ ਹੋ ਕੇ ਰਾਜਗ ਦੀ ਇਕਜੁਟਤਾ ਦਿਖਾਈ।

ਅੰਗੂਠੀਆਂ ਦੇ ਰੇਟ ਪਿਛਲੀ ਵਾਰ ਤੋਂ ਘੱਟ ਅਤੇ ਘਰ ਦੀ ਕੀਮਤ 'ਚ 10 ਲੱਖ ਦਾ ਵਾਧਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਹਲਫਨਾਮੇ ਮੁਤਾਬਕ ਪਿਛਲੇ 5 ਸਾਲਾਂ 'ਚ ਮੋਦੀ ਦੀ ਜਾਇਦਾਦ 'ਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ। ਘਰ ਦੀ ਕੀਮਤ 'ਚ 10 ਲੱਖ ਦਾ ਵਾਧਾ ਵੀ ਦਿਖਾਇਆ ਗਿਆ ਪਰ ਸੋਨੇ ਦੀਆਂ ਅੰਗੂਠੀਆਂ ਦੀਆਂ ਕੀਮਤਾਂ ਪਿਛਲੀ ਵਾਰ ਨਾਲੋਂ ਘੱਟ ਦਿਖਾਈਆਂ ਗਈਆਂ ਹਨ।


author

KamalJeet Singh

Content Editor

Related News