ਆਖਰ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਟੀਚਰਜ਼ ਡੇਅ? ਜਾਣੋ ਕਹਾਣੀ
Thursday, Sep 05, 2019 - 09:38 AM (IST)

ਨੈਸ਼ਨਲ ਡੈਸਕ— ਕਹਿੰਦੇ ਹਨ ਕਿ ਜੀਵਨ 'ਚ ਸਫ਼ਲ ਹੋਣ ਲਈ ਸਿੱਖਿਆ ਸਭ ਤੋਂ ਵਧ ਜ਼ਰੂਰੀ ਹੈ। ਅਧਿਆਪਕ ਦੇਸ਼ ਦੇ ਭਵਿੱਖ ਅਤੇ ਨੌਜਵਾਨਾਂ ਦੇ ਜੀਵਨ ਨੂੰ ਬਣਾਉਣ ਅਤੇ ਉਸ ਨੂੰ ਆਕਾਰ ਦੇਣ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੀਵਨ 'ਚ ਸਫ਼ਲ ਹੋਣ ਲਈ ਗੁਰੂ ਦਾ ਮਾਰਗਦਰਸ਼ਨ ਮਿਲਣਾ ਜ਼ਰੂਰੀ ਹੈ। ਹਰ ਸਾਲ 5 ਸਤੰਬਰ ਦਾ ਦਿਨ ਅਧਿਆਪਕਾਂ ਨੂੰ ਸਮਰਪਿਤ ਹੈ। ਇਸ ਦਿਨ ਦੇਸ਼ ਭਰ 'ਚ ਅਧਿਆਪਕ ਦਿਵਸ (ਟੀਚਰਜ਼ ਡੇਅ) ਮਨਾਇਆ ਜਾਂਦਾ ਹੈ। ਸਾਰੇ ਵਿਦਿਆਰਥੀ ਇਸ ਦਿਨ ਆਪਣੇ ਗੁਰੂ ਯਾਨੀ ਅਧਿਆਪਕਾਂ ਦੇ ਪ੍ਰਤੀ ਪਿਆਰ ਜ਼ਾਹਰ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਟੀਚਰਜ਼ ਡੇਅ ਦੇ ਇਤਿਹਾਸ ਬਾਰੇ।ਰਾਧਾ ਕ੍ਰਿਸ਼ਨਨ ਪੂਰੀ ਦੁਨੀਆ ਨੂੰ ਮੰਨਦੇ ਸਨ ਸਕੂਲ
ਇਸ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਜਨਮ ਦਿਵਸ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਰਾਧਾ ਕ੍ਰਿਸ਼ਨਨ ਪੂਰੀ ਦੁਨੀਆ ਨੂੰ ਸਕੂਲ ਮੰਨਦੇ ਸਨ। ਰਾਧਾ ਕ੍ਰਿਸ਼ਨਨ ਦਾ ਕਹਿਣਾ ਸੀ ਕਿ ਜਦੋਂ ਕਦੇ ਵੀ ਕਿਤੋਂ ਵੀ ਕੁਝ ਸਿੱਖਣ ਨੂੰ ਮਿਲੇ, ਉਸ ਨੂੰ ਉਸੇ ਸਮੇਂ ਆਪਣੇ ਜੀਵਨ 'ਚ ਉਤਾਰ ਲੈਣਾ ਚਾਹੀਦਾ। ਉਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਉਨ੍ਹਾਂ ਨੂੰ ਪੜ੍ਹਾਈ ਕਰਵਾਉਣ ਤੋਂ ਵਧ ਉਨ੍ਹਾਂ ਦੇ ਬੌਧਿਕ ਵਿਕਾਸ 'ਤੇ ਧਿਆਨ ਦਿੰਦੇ ਸਨ।
ਪਹਿਲੀ ਵਾਰ 1962 'ਚ ਮਨਾਇਆ ਗਿਆ ਸੀ 'ਟੀਚਰਜ਼ ਡੇਅ'
ਇਕ ਵਾਰ ਰਾਧਾ ਕ੍ਰਿਸ਼ਨਨ ਦੇ ਕੁਝ ਬੱਚਿਆਂ ਨੇ ਮਿਲ ਕੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਬਾਰੇ ਸੋਚਿਆ। ਇਸ ਨੂੰ ਲੈ ਕੇ ਜਦੋਂ ਉਹ ਉਨ੍ਹਾਂ ਤੋਂ ਮਨਜ਼ੂਰੀ ਲੈਣ ਪਹੁੰਚੇ ਤਾਂ ਰਾਧਾ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਕਿ ਮੇਰਾ ਜਨਮ ਦਿਨ ਵੱਖ ਤੋਂ ਸੈਲੀਬ੍ਰੇਟ ਕਰਨ ਦੀ ਬਜਾਏ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ ਤਾਂ ਮੈਨੂੰ ਮਾਣ ਹੋਵੇਗਾ। ਇਸ ਦੇ ਬਾਅਦ ਤੋਂ ਹੀ 5 ਸਤੰਬਰ ਦੇ ਦਿਨ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਣ ਲੱਗਾ। ਦੱਸਣਯੋਗ ਹੈ ਕਿ ਪਹਿਲੀ ਵਾਰ ਅਧਿਆਪਕ ਦਿਵਸ 1962 'ਚ ਮਨਾਇਆ ਗਿਆ ਸੀ।