ਡੰਕੀ ਰਸਤੇ ਅਮਰੀਕਾ ਪਹੁੰਚੇ ਜੀਂਦ ਦੇ 5 ਵਿਅਕਤੀ ਵੀ ਹੋਣਗੇ ਡਿਪੋਰਟ
Wednesday, Feb 05, 2025 - 11:29 PM (IST)
ਜੀਂਦ, (ਲਲਿਤ ਸੈਣੀ)- ਜੀਂਦ ਤੋਂ 5 ਵਿਅਕਤੀ ਡੰਕੀ ਰਸਤੇ ਅਮਰੀਕਾ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਜੀਂਦ ਦੇ ਉਚਾਨਾ ਵਿਧਾਨ ਸਭਾ ਹਲਕੇ ਤੋਂ 3 ਤੇ ਜੀਂਦ ਵਿਧਾਨ ਸਭਾ ਹਲਕੇ ਤੋਂ 2 ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਅਮਰੀਕਾ ਨੇ ਸੰਦਿਆਲ ਪਿੰਡ ਦੇ ਮਨਦੀਪ ਸਿੰਘ, ਖੜਕ ਬੂੜਾ ਪਿੰਡ ਦੇ ਰੋਹਿਤ ਸ਼ਰਮਾ, ਪਹਿਲਾਂ ਚੂਹੜਪੁਰ ਤੇ ਹੁਣ ਚਾਂਦਪੁਰ ਵਜੋਂ ਜਾਣੇ ਜਾਂਦੇ ਪਿੰਡ ਦੇ ਅਜੇ, ਜੀਂਦ ਦੇ ਰਵੀ ਤੇ ਹੈਬਤਪੁਰ ਦੇ ਪਰਮਜੀਤ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦਾ ਫੈਸਲਾ ਕੀਤਾ ਹੈ। ਉਹ ਸਭ ਇਕ-ਦੋ ਦਿਨਾਂ ’ਚ ਜੀਂਦ ਪਹੁੰਚ ਜਾਣਗੇ।
ਕਰਨਾਲ ਦੇ 7 ਵਿਅਕਤੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੇ
ਕਰਨਾਲ, (ਵਰਮਾ) : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਦੀ ਸੂਚੀ ’ਚ ਕਰਨਾਲ ਦੇ 7 ਵਿਅਕਤੀਆਂ ਦੇ ਨਾਂ, ਉਮਰ ਤੇ ਪਿੰਡ ਜਾਂ ਸ਼ਹਿਰ ਹੀ ਲਿਖੇ ਗਏ ਹਨ। ਇਸ ਸੂਚੀ ’ਚ ਇਕ ਜ਼ਿਲੇ ਜਾਂ ਤਹਿਸੀਲ ਅੰਦਰ ਇੱਕੋ ਨਾਂ ਵਾਲੇ 2 ਜਾਂ ਵੱਧ ਪਿੰਡ ਵੀ ਸ਼ਾਮਲ ਹਨ।
ਇਸ ਵੇਲੇ ਦੀ ਸੂਚੀ ਅਨੁਸਾਰ 14 ਤੇ 15 ਸਾਲ ਦੀ ਉਮਰ ਦੇ 2 ਬੱਚੇ ਹਨ, ਜਿਨ੍ਹਾਂ ’ਚੋਂ ਇਕ ਮੁੰਡਾ ਤੇ ਦੂਜੀ ਕੁੜੀ ਹੈ। ਨਾਵਾਂ ਮੁਤਾਬਕ ਨੀਲੋਖੇੜੀ ਤੋਂ ਜਤਿਨ ਤੇ ਕਾਜਲ ਕੈਂਵਾਲ, ਜਾਨੀ ਪਿੰਡ ਤੋਂ ਸਤਬੀਰ ਸਿੰਘ, ਘਰੌਂਦਾ ਤੋਂ ਅਰੁਣ ਪਾਲ, ਕਾਲਰੋ ਪਿੰਡ ਤੋਂ ਆਕਾਸ਼, ਅਸੰਧ ਤੋਂ ਸੁਮਿਤ ਸਿੰਘ ਤੇ ਕਰਨਾਲ ਤੋਂ ਮਨੋਜ ਹਨ।
ਘਰੌਂਦਾ ਦੇ ਕਲਾਰਸ ਪਿੰਡ ਦਾ ਆਕਾਸ਼ 26 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ। ਕਲਰੋਂ ਦੇ ਸਰਪੰਚ ਦੀਪੇਂਦਰ ਉਰਫ਼ ਅੰਨੂ ਨੇ ਦੱਸਿਆ ਕਿ ਆਕਾਸ਼ ਸਾਡੇ ਪਰਿਵਾਰ ’ਚੋਂ ਹੈ । ਪਰਿਵਾਰ ਦੀ ਹਾਲਤ ਚੰਗੀ ਨਹੀਂ ਸੀ। ਇਸ ਲਈ ਉਸ ਨੇ ਆਪਣੀ ਜ਼ਮੀਨ ਵੇਚ ਦਿੱਤੀ। ਲਗਭਗ 40 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਅਮਰੀਕਾ ਚਲਾ ਗਿਆ। ਉਹ 3 ਮਹੀਨੇ ਪਹਿਲਾਂ ਘਰੋਂ ਅਮਰੀਕਾ ਲਈ ਨਿਕਲਿਆ ਸੀ ਤੇ 26 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ।
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਐੱਨ. ਆਰ. ਆਈਜ਼. ’ਚੋਂ 2 ਫਤਿਹਾਬਾਦ ਤੋਂ
ਫਤਿਹਾਬਾਦ : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ’ਚੋਂ 2 ਵਿਅਕਤੀ ਫਤਿਹਾਬਾਦ ਜ਼ਿਲੇ ਦੇ ਹਨ। ਇਕ ਭੂਨਾ ਦਾ ਰਹਿਣ ਵਾਲਾ ਗੁਰਨਾਮ ਸਿੰਘ ਤੇ ਦੂਜਾ ਪਿੰਡ ਦਿਗੋਹ ਦਾ ਰਹਿਣ ਵਾਲਾ ਗਗਨਪ੍ਰੀਤ ਹੈ। ਸਰਪੰਚ ਹਰਸਿਮਰਨ ਸਿੰਘ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਗਗਨਪ੍ਰੀਤ ਸਿੰਘ ਸਤੰਬਰ 2022 ’ਚ ਸਟੱਡੀ ਵੀਜ਼ੇ ’ਤੇ ਇੰਗਲੈਂਡ ਗਿਆ ਸੀ। ਪਰਿਵਾਰ ਕੋਲ ਸਾਢੇ 3 ਏਕੜ ਜ਼ਮੀਨ ਸੀ। ਪਰਿਵਾਰ ਨੇ ਇਸ ਜ਼ਮੀਨ ’ਚੋਂ ਢਾਈ ਏਕੜ ਵੇਚ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ। ਅਣਵਿਆਹਿਆ ਗਗਨਪ੍ਰੀਤ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਹੈ।