ਗੁਰਦੁਆਰਾ ਕਮੇਟੀ ਦੇ ਬਿਰਧ ਆਸ਼ਰਮ 'ਚ 5 ਲੋਕਾਂ ਦੀ ਮੌਤ!

06/04/2020 11:07:59 PM

ਨਵੀਂ ਦਿੱਲੀ (ਬਿਊਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਰਧ ਆਸ਼ਰਮ (ਗੁਰੂਨਾਨਕ ਸੁਖਸ਼ਾਲਾ) 'ਚ ਲਾਕਡਾਊਨ ਦੌਰਾਨ 5 ਲੋਕਾਂ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਜਾਣਕਾਰੀ ਆ ਰਹੀ ਹੈ। ਇਹ ਬਿਰਧ ਆਸ਼ਰਮ ਕਰੋਲਬਾਗ ਦੇ ਨਜ਼ਦੀਕ ਰਾਜਿੰਦਰ ਨਗਰ 'ਚ ਸਥਿਤ ਹੈ।   ਹੁਣ ਵਿਰੋਧੀ ਦੋਸ਼ ਲਗਾ ਰਹੇ ਹਨ ਕਿ 5 ਬਜ਼ੁਰਗਾਂ ਦੀ ਕਥਿਤ ਤੌਰ 'ਤੇ ਇਲਾਜ ਨਾ ਮਿਲਣ ਕਾਰਨ ਮੌਤ ਹੋਈ।

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਯੋਗ ਨੀਤੀਆਂ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ। ਨਾਲ ਹੀ ਦੱਸਿਆ ਕਿ ਬਿਰਧ ਆਸ਼ਰਮ 'ਚ ਮੌਜੂਦ ਸਿਰਫ 20 ਬਜ਼ੁਰਗਾਂ ਦੀ ਸੇਵਾ ਇਹ ਕਰ ਨਹੀਂ ਪਾਏ। ਗਲਤ ਪ੍ਰਬੰਧ ਦੇ ਕਾਰਨ 5 ਬਜ਼ੁਰਗ ਦੁਨੀਆ ਤੋਂ ਚਲੇ ਗਏ ਅਤੇ 6ਵੇਂ ਦੀ ਹਾਲਤ ਗੰਭੀਰ ਹੈ। ਜੀ.ਕੇ. ਨੇ ਕਮੇਟੀ ਦੁਆਰਾ ਸ਼ੁਰੂ ਕੀਤੀ ਗਈ ਲੰਗਰ ਆਨ ਵਹੀਲ ਵਿਵਸਥਾ ਦੀ ਥਾਂ ਟਰੀਟਮੈਂਟ ਆਨ ਵਹੀਲ ਵਿਵਸਥਾ ਦੀ ਇਸ ਸਮੇਂ ਜ਼ਰੂਰਤ ਹੋਣ ਦੀ ਵੀ ਦਲੀਲ ਦਿੱਤੀ ਹੈ। ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਸਿਰਸਾ ਗੁਰਦੁਆਰਾ ਬਾਲਾ ਸਾਹਿਬ 'ਚ 550 ਬਿਸਤਰਿਆਂ ਵਾਲਾ ਹਸਪਤਾਲ ਸ਼ੁਰੂ ਕਰਣ ਅਤੇ ਗੁਰਦੁਆਰਾ ਬੰਗਲਾ ਸਾਹਿਬ 'ਚ 50 ਰੁਪਏ 'ਚ ਐਮ.ਆਰ.ਆਈ. ਕਰਣ ਦਾ ਦਾਅਵਾ ਕਰਦੇ ਹਾਂ, ਉਥੇ ਹੀ ਦੂਜੇ ਪਾਸੇ ਕੋਰੋਨਾ ਦੇ ਮੁਸ਼ਕਿਲ ਸਮੇਂ 'ਚ ਕਮੇਟੀ ਦੀਆਂ ਸਾਰੀਆਂ ਡਿਸਪੈਂਸਰੀਆਂ,  ਬਾਲਾ ਸਾਹਿਬ ਗੁਰਦੁਆਰੇ ਦਾ 50 ਬੈਡ ਵਾਲਾ ਹਸਪਤਾਲ ਬਾਲਾ ਪ੍ਰੀਤਮ ਕੈਂਸਰ ਕੇਅਰ ਯੂਨਿਟ ਸਮੇਤ ਬੰਗਲਾ ਸਾਹਿਬ ਹਸਪਤਾਲ ਵੀ ਬੰਦ ਹੋ ਗਿਆ ਹੈ। 

ਜੀ.ਕੇ. ਨੇ ਲੰਗਰ ਆਨ ਵਹੀਲ ਮਾਮਲੇ 'ਚ ਕਮੇਟੀ ਦੀ ਨਿੰਦਾ ਕਰਦੇ ਹੋਏ ਉਕਤ ਨਾਮ ਨੂੰ ਹੀ ਲੰਗਰ ਪਰੰਪਰਾ ਦੀ ਉਲੰਘਣਾ ਦੱਸਿਆ।  ਨਾਲ ਹੀ ਪੰਗਤ ਤੋਂ ਬਿਨਾਂ ਵੰਡਣ ਵਾਲੇ ਲੰਗਰ ਨੂੰ ਫੂਡ ਜਾਂ ਭੋਜਨ ਦੱਸਣ ਦੀ ਕਮੇਟੀ ਨੂੰ ਸਲਾਹ ਦਿੱਤੀ।

ਕੁਦਰਤੀ ਮੌਤਾਂ 'ਤੇ ਘੱਟੀਆ ਰਾਜਨੀਤੀ ਬੰਦ ਕਰਣ ਜੀ.ਕੇ. : ਕਾਲਕਾ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦੇਸ਼ ਪ੍ਰਧਾਨ ਹਰਮੀਤ ਸਿੰਘ  ਕਾਲਕਾ ਨੇ ਕਿਹਾ ਹੈ ਕਿ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਕੁਦਰਤੀ ਮੌਤਾਂ 'ਤੇ ਘੱਟੀਆ ਅਤੇ ਛੋਟੀ ਰਾਜਨੀਤੀ ਕਰ ਰਹੇ ਹਨ। ਜੀ.ਕੇ. ਨੂੰ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਰਾਜਨੀਤੀ ਚਮਕਾਉਣ ਲਈ ਛੋਟੀਆਂ ਕੋਸ਼ਿਸ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

 ਕਾਲਕਾ ਨੇ ਕਿਹਾ ਕਿ ਜੋ ਪੰਜ ਮੌਤਾਂ ਹੋਈ ਹਨ ਉਨ੍ਹਾਂ 'ਚੋਂ 2 ਵਿਅਕਤੀਆਂ ਦੇ ਆਪਣੇ ਘਰਾਂ 'ਚ ਕੁਦਰਤੀ ਤੌਰ 'ਤੇ ਮੌਤਾਂ ਹੋਈਆਂ ਹਨ, ਜਦੋਂ ਕਿ ਬਾਕੀ ਦੀਆਂ ਤਿੰਨ 'ਚੋਂ ਇੱਕ ਵਿਅਕਤੀ 99 ਸਾਲ, ਇੱਕ 94 ਸਾਲ ਅਤੇ ਇੱਕ 90 ਸਾਲ ਦੀ ਉਮਰ ਦਾ ਵਿਅਕਤੀ ਸੀ ਜਿਨ੍ਹਾਂ ਦੀ ਮੌਤ ਕੁਦਰਤੀ ਤੌਰ 'ਤੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਬੁਢਾਪੇ 'ਚ ਗੁਰੂ ਦੇ ਆਦੇਸ਼ਾਨੁਸਾਰ ਇਸ ਸੰਸਾਰ ਨੂੰ ਅਲਵਿਦਾ ਕਹਿਣ ਦੇ ਮਾਮਲੇ 'ਤੇ ਮਨਜੀਤ ਸਿੰਘ ਜੀ.ਕੇ. ਰਾਜਨੀਤੀ ਕਰਣ 'ਤੇ ਸਿੱਖ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਸ਼ਾਇਦ ਗੁਰਬਾਣੀ ਨੂੰ ਭੁੱਲ ਗਏ ਹਨ ਕਿ ਇੱਥੋਂ ਹਰ ਇੰਸਾਨ ਨੂੰ ਗੁਰੂ ਦੇ ਆਦੇਸ਼ਾਨੁਸਾਰ ਹੀ ਜਾਣਾ ਹੈ।

ਕਾਲਕਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਬਿਰਧ ਆਸ਼ਰਮ ਨਾਲ ਜੁੜੀਆਂ ਹੋਈਆਂ ਮੌਤਾਂ ਨੂੰ ਲੈ ਕੇ ਜਿਸ ਘੱਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਛੋਟੀ ਸੋਚ ਨੂੰ ਦਿਖਾਇਆ ਹੈ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਅਜਿਹਾ ਲੱਗਦਾ ਹੈ ਕਿ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ਦੀ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਸੰਸਥਾਵਾਂ ਨੂੰ ਬਦਨਾਮ ਕਰਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ।


Inder Prajapati

Content Editor

Related News