5 ਸੂਬਿਆਂ ''ਚ ਮੀਂਹ ਦਾ ਕਹਿਰ, ਹੁਣ ਤੱਕ 465 ਲੋਕਾਂ ਦੀ ਮੌਤ

Saturday, Jul 28, 2018 - 07:49 PM (IST)

5 ਸੂਬਿਆਂ ''ਚ ਮੀਂਹ ਦਾ ਕਹਿਰ, ਹੁਣ ਤੱਕ 465 ਲੋਕਾਂ ਦੀ ਮੌਤ

ਨਵੀਂ ਦਿੱਲੀ— ਜਿਥੇ ਮਾਨਸੂਨੀ ਵਰਖਾ ਨਾਲ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਹੈ ਉਥੇ ਕੁਝ ਸੂਬਿਆਂ 'ਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਣ ਨਾਲ ਤਬਾਹੀ ਵੀ ਮਚ ਗਈ ਹੈ। ਦੇਸ਼ ਦੇ ਪੰਜ ਸੂਬਿਆਂ 'ਚ ਮੀਂਹ ਤੇ ਹੜ੍ਹ ਨਾਲ ਹੁਣ ਤੱਕ ਘੱਟ ਤੋਂ ਘੱਟ 465 ਮੌਤਾਂ ਹੋ ਚੁੱਕੀਆਂ ਹਨ। ਗ੍ਰਹਿ ਮੰਤਰਾਲੇ ਦੇ ਨੈਸ਼ਨਲ ਐਮਰਜੰਸੀ ਰਿਸਪਾਂਸ ਸੈਂਟਰ ਦੇ ਮੁਤਾਬਕ ਹੜ੍ਹ ਤੇ ਮੀਂਹ ਕਾਰਨ ਮਹਾਰਾਸ਼ਟਰ 'ਚ 138, ਕੇਰਲ 'ਚ 125, ਪੱਛਮੀ ਬੰਗਾਲ 'ਚ 116, ਗੁਜਰਾਤ 'ਚ 52 ਤੇ ਅਸਮ 'ਚ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰੀ ਮੀਂਹ ਨਾਲ ਕਈ ਜ਼ਿਲੇ ਪ੍ਰਭਾਵਿਤ ਹੋਏ ਹਨ। ਇਨ੍ਹਾਂ 'ਚ ਮਹਾਰਾਸ਼ਟਰ ਦੇ 26, ਪੱਛਮੀ ਬੰਗਾਲ ਦੇ 22, ਅਸਮ ਦੇ 21, ਕੇਰਲ ਦੇ 14 ਤੇ ਗੁਜਰਾਤ ਦੇ 10 ਜ਼ਿਲੇ ਸ਼ਾਮਲ ਹਨ। ਐੱਨ.ਈ.ਆਰ.ਸੀ. ਮੁਤਾਬਕ ਅਸਮ 'ਚ 10.17 ਲੱਖ ਲੋਕ ਵਰਖਾ ਤੇ ਹੜ੍ਹ ਨਾਲ ਪ੍ਰਭਾਵਿਤ ਹਨ, ਜਿਨ੍ਹਾਂ 'ਚੋਂ 2.17 ਲੱਖ ਲੋਕਾਂ ਨੇ ਰਾਹਤ ਕੈਂਪਾਂ 'ਚ ਸ਼ਰਣ ਲਈ ਹੈ। ਐੱਨ.ਈ.ਆਰ.ਸੀ. ਮੁਤਾਬਕ ਕੌਮੀ ਆਫਤ ਪ੍ਰਬੰਧਨ ਫੋਰਸ ਦੀਆਂ 12 ਟੀਮਾਂ ਅਸਮ 'ਚ ਰਾਹਤ ਤੇ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ। ਪੱਛਮੀ ਬੰਗਾਲ 'ਚ ਮੀਂਹ ਤੇ ਹੜ੍ਹ ਕਾਰਨ ਕੁੱਲ 1.61 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸੂਬੇ 'ਚ ਐੱਨ.ਡੀ.ਆਰ.ਐੱਫ. ਦੀਆਂ 8 ਟੀਮਾਂ ਤਾਇਨਾਤ ਹਨ। ਭਾਰੀ ਮੀਂਹ ਕਾਰਨ ਸੂਬੇ 'ਚ 125 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 9 ਲੋਕ ਅਜੇ ਲਾਪਤਾ ਹਨ। ਦੱਖਣੀ ਸੂਬੇ 'ਚ ਰਾਹਤ ਤੇ ਬਚਾਅ ਕੰਮ ਲਈ ਐੱਨ.ਡੀ.ਆਰ.ਐੱਫ. ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦ ਕਿ ਤਿੰਨ ਟੀਮਾਂ ਨੂੰ ਮਹਾਰਾਸ਼ਟਰ 'ਚ ਤਿਆਰ ਰੱਖਿਆ ਗਿਆ ਹੈ।
ਯੂ.ਪੀ. 'ਚ 58 ਲੋਕਾਂ ਦੀ ਮੌਤ, ਦਿੱਲੀ ਯਮੁਨਾ ਦਾ ਖਤਰਾ ਵਧਿਆ
ਦਿੱਲੀ ਤੇ ਯੂ.ਪੀ. 'ਚ ਪਿਛਲੇ ਤਿੰਨ ਦਿਨ ਤੋਂ ਜਾਰੀ ਜ਼ੋਰਦਾਰ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਯੂ.ਪੀ. 'ਚ ਮੀਂਹ, ਹਨੇਰੀ ਤੇ ਬਿਜਲੀ ਡਿੱਗਣ ਨਾਲ 58 ਲੋਕਾਂ ਦੀ ਮੌਤ ਹੋ ਗਈ, ਉਥੇ ਦਿੱਲੀ 'ਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਜਿਸ ਨਾਲ ਹੇਠਲੇ ਇਲਾਕਿਆਂ 'ਚ ਹੜ੍ਹ ਦਾ ਖਤਰਾ ਵਧ ਗਿਆ ਹੈ। ਸ਼ਨੀਵਾਰ ਨੂੰ ਕਰੀਬ 11 ਵਜੇ ਹਥਨੀਕੁੰਡ ਬੈਰਾਜ ਤੋਂ ਕਰੀਬ 3,11,190 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਖਤਰਾ ਹੋਰ ਵਧ ਗਿਆ ਹੈ। ਉੱਤਰਾਖੰਡ 'ਚ ਵੀ ਕਈ ਨਦੀਆਂ ਖਤਰੇ ਦੇ ਨਿਸ਼ਾਨ 'ਤੇ ਹਨ।


Related News