4 ਸਾਲਾ ਮਾਸੂਮ ਦਾ ਸਾਹ ਘੁੱਟ ਕੀਤਾ ਕਤਲ, 80 ਸਾਲ ਦਾ ਪੜਨਾਨਾ ਗ੍ਰਿਫ਼ਤਾਰ

Monday, May 22, 2023 - 03:42 PM (IST)

4 ਸਾਲਾ ਮਾਸੂਮ ਦਾ ਸਾਹ ਘੁੱਟ ਕੀਤਾ ਕਤਲ, 80 ਸਾਲ ਦਾ ਪੜਨਾਨਾ ਗ੍ਰਿਫ਼ਤਾਰ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪੁਲਸ ਨੇ 4 ਸਾਲਾ ਬੱਚੇ ਦੇ ਕਤਲ ਦੇ ਡੇਢ ਮਹੀਨੇ ਪੁਰਾਣੇ ਮਾਮਲੇ ਦੇ ਖ਼ੁਲਾਸੇ ਦਾ ਦਾਅਵਾ ਕੀਤਾ ਹੈ। ਪੁਲਸ ਨੇ ਕਤਲ ਦੇ ਮਾਮਲੇ 'ਚ ਬੱਚੇ ਦੇ 80 ਸਾਲਾ ਪੜਨਾਨੇ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦੀ ਇਕ ਅਧਿਕਾਰੀ ਅਨੁਸਾਰ, ਬਜ਼ੁਰਗ ਨੇ ਨਾਨਕੇ ਰਹਿ ਰਹੇ ਬੱਚੇ ਕਾਰਨ ਉਸ ਦੇ ਪਰਿਵਾਰ 'ਚ ਆ ਰਹੀਆਂ ਸਮੱਸਿਆਵਾਂ ਕਾਰਨ ਕਤਲਕਾਂਡ ਨੂੰ ਅੰਜਾਮ ਦਿੱਤਾ। ਪੁਲਸ ਸੁਪਰਡੈਂਟ ਹਿਤਿਕਾ ਵਾਸਨ ਨੇ ਦੱਸਿਆ ਕਿ ਸ਼ਿਪਰਾ ਥਾਣਾ ਖੇਤਰ 'ਚ 7 ਅਪ੍ਰੈਲ ਦੀ ਰਾਤ ਸ਼ਰੇਯਾਂਸ਼ ਚੌਧਰੀ (4) ਦਾ ਗਲ਼ਾ ਘੁੱਟ ਕੇ ਕਤਲ ਕਰਨ ਦੇ ਦੋਸ਼ 'ਚ ਉਸ ਦੇ ਪੜਨਾਨਾ ਸ਼ੋਭਾਰਾਮ ਚੌਧਰੀ (80) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰੇਯਾਂਸ਼ ਦੀ ਮਾਂ ਨੀਤੂ ਆਪਣੇ ਪਤੀ ਨਾਲ ਵਿਵਾਦ ਕਾਰਨ ਪਿਛਲੇ 2 ਸਾਲਾਂ ਤੋਂ ਪੇਕੇ ਰਹਿ ਰਹੀ ਸੀ ਅਤੇ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਹੀ ਸੀ। ਪੁਲਸ ਸੁਪਰਡੈਂਟ ਨੇ ਕਿਹਾ,''ਪੇਕੇ ਵਾਲੇ ਨੀਤੂ ਅਤੇ ਉਸ ਦੇ ਪੁੱਤ ਸ਼ਰੇਯਾਂਸ਼ ਨੂੰ ਬੋਝ ਸਮਝ ਰਹੇ ਸਨ। ਉਹ ਨੀਤੂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੇ ਸਨ ਅਤੇ ਮੇਹਣੇ ਵੀ ਮਾਰਦੇ ਸਨ ਕਿ ਉਸ ਦਾ ਪੁੱਤ ਵੱਡਾ ਹੋਣ 'ਤੇ ਪੇਕੇ ਦੀ ਜਾਇਦਾਦ 'ਚ ਹਿੱਸੇਦਾਰ ਹੋ ਜਾਵੇਗਾ।''

ਉਨ੍ਹਾਂ ਕਿਹਾ,''ਨੀਤੂ ਦੇ ਪੜਦਾਦਾ ਸ਼ੋਭਾਰਮ ਨੇ ਦੇਖਿਆ ਕਿ ਉਸ ਦੀ ਪੜਪੋਤੀ ਸ਼ਰੇਯਾਂਸ਼ ਕਾਰਨ ਉਸ ਦੇ ਪਰਿਵਾਰ 'ਚ ਬਹੁਤ ਪਰੇਸ਼ਾਨ ਹੋ ਰਹੀ ਹੈ ਅਤੇ ਘਰ 'ਚ ਆਏ ਦਿਨ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ। ਸ਼ੋਭਾਰਾਮ ਨੂੰ ਲੱਗਾ ਕਿ ਜੇਕਰ ਬੱਚਾ ਮਰ ਜਾਵੇਗਾ ਤਾਂ ਇਹ ਪਰੇਸ਼ਾਨੀ ਜੜ੍ਹੋਂ ਖ਼ਤਮ ਹੋ ਜਾਵੇਗੀ।'' ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸ਼ਰੇਯਾਂਸ਼ ਰੋਜ਼ ਰਾਤ ਨੂੰ ਆਪਣੇ ਪੜਨਾਨੇ ਸ਼ੋਭਾਰਾਮ ਨਾਲ ਹੀ ਸੌਂਦਾ ਸੀ। ਉਨ੍ਹਾਂ ਕਿਹਾ,''ਸ਼ੋਭਾਰਾਮ ਨੇ 7 ਅਪ੍ਰੈਲ ਦੀ ਰਾਤ ਚਾਦਰ ਦੀ ਤਹਿ ਬਣਾਈ ਅਤੇ ਇਸ ਨੂੰ ਬੱਚੇ ਦੇ ਮੂੰਹ 'ਤੇ ਰੱਖ ਕੇ ਉਸ ਦਾ ਸਾਹ ਘੁੱਟ ਦਿੱਤਾ।'' ਵਾਸਲ ਅਨੁਸਾਰ, ਪੁਲਸ ਨੇ ਮ੍ਰਿਤਕ ਬੱਚੇ ਦੇ ਨਾਨਕੇ ਪੱਖ ਦੇ ਲੋਕਾਂ ਤੋਂ ਪੁੱਛ-ਗਿੱਛ ਦੇ ਆਧਾਰ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਅਤੇ ਮਾਮਲੇ 'ਚ ਪੂਰੀ ਜਾਂਚ ਜਾਰੀ ਹੈ।


author

DIsha

Content Editor

Related News