ਭਿਆਨਕ ਹਾਦਸਾ; ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ, 4 ਲੋਕਾਂ ਦੀ ਮੌਤ
Wednesday, Jan 01, 2025 - 05:03 PM (IST)
ਜਾਲਨਾ- ਨਵੇਂ ਸਾਲ ਵਾਲੇ ਦਿਨ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਮਹਾਰਾਸ਼ਟਰ ਦੇ ਜਾਲਨਾ 'ਚ ਇਕ ਖੜ੍ਹੇ ਟਰੱਕ ਨਾਲ ਇਕ ਕਾਰ ਟਕਰਾ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਸੋਲਾਪੁਰ-ਧੁਲੇ ਰੋਡ 'ਤੇ ਦੁਪਹਿਰ 1 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ 'ਚ ਕਾਰ 'ਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਅਕਲਕੋਟ ਦੀ ਯਾਤਰਾ ਤੋਂ ਬਾਅਦ ਛਤਰਪਤੀ ਸੰਭਾਜੀਨਗਰ ਪਰਤ ਰਹੇ ਸਨ।
ਹਾਦਸੇ ਵਿਚ ਅਨੀਤਾ ਪਰਸ਼ੂਰਾਮ ਕੁੰਟੇ (48), ਭਾਗਵਤ ਚੋਰੇ (47), ਸ੍ਰਿਸ਼ਟੀ ਭਾਗਵਤ ਚੋਰੇ (13) ਅਤੇ ਵੇਦਾਂਤ ਭਾਗਵਤ ਚੋਰੇ (11) ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਲਾ ਰਹੇ ਪਰਸ਼ੂਰਾਮ ਕੁੰਟੇ ਅਤੇ ਛਾਇਆ ਚੋਰੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਛਤਰਪਤੀ ਸੰਭਾਜੀਨਗਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਰੁੱਝੇ ਹੋਏ ਹਾਈਵੇਅ ’ਤੇ ਕਰੀਬ ਦੋ ਘੰਟੇ ਆਵਾਜਾਈ ਠੱਪ ਰਹੀ, ਜਿਸ ਤੋਂ ਬਾਅਦ ਪੁਲਸ ਨੇ ਰਸਤਾ ਸਾਫ਼ ਕਰਵਾਇਆ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।