ਗੁਰੂਗ੍ਰਾਮ 'ਚ ਟਰੱਕ ਪਲਟ ਕੇ ਕਾਰ 'ਤੇ ਡਿੱਗਿਆ, 4 ਦੀ ਮੌਤ, 2 ਜ਼ਖ਼ਮੀ

Tuesday, Aug 16, 2022 - 11:46 AM (IST)

ਗੁਰੂਗ੍ਰਾਮ 'ਚ ਟਰੱਕ ਪਲਟ ਕੇ ਕਾਰ 'ਤੇ ਡਿੱਗਿਆ, 4 ਦੀ ਮੌਤ, 2 ਜ਼ਖ਼ਮੀ

ਗੁਰੂਗ੍ਰਾਮ (ਭਾਸ਼ਾ)- ਦਿੱਲੀ-ਜੈਪੁਰ ਹਾਈਵੇਅ 'ਤੇ ਸੋਮਵਾਰ ਦੇਰ ਰਾਤ ਇਕ ਟਰੱਕ ਪਲਟ ਕੇ ਇਕ ਕਾਰ 'ਤੇ ਡਿੱਗ ਗਿਆ, ਜਿਸ ਨਾਲ ਕਾਰ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ 'ਚ ਤਿੰਨ ਸਾਫਟਵੇਅਰ ਇੰਜੀਨੀਅਰ ਸ਼ਾਮਲ ਸਨ। ਮ੍ਰਿਤਕਾਂ ਵਿਚੋਂ ਤਿੰਨ ਵਿਅਕਤੀ ਆਈ.ਆਈ.ਟੀ. ਦੇ ਸਾਬਕਾ ਵਿਦਿਆਰਥੀ ਸਨ ਅਤੇ ਨੋਇਡਾ ਸਥਿਤ ਏਡੋਬ ਕੰਪਨੀ ਵਿਚ ਕੰਮ ਕਰਦੇ ਸਨ। ਪੁਲਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ 'ਚ ਸਵਾਰ ਵਿਅਕਤੀ ਉਦੈਪੁਰ ਤੋਂ ਨੋਇਡਾ ਪਰਤ ਰਹੇ ਸਨ। ਬਿਲਾਸਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਅਜੈ ਮਲਿਕ ਨੇ ਦੱਸਿਆ ਕਿ ਟਰੱਕ ਦਿੱਲੀ ਤੋਂ ਜੈਪੁਰ ਜਾ ਰਿਹਾ ਸੀ ਅਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਮਾਲ ਨਾਲ ਭਰਿਆ ਟਰੱਕ ਡਿਵਾਈਡਰ ਨਾਲ ਟਕਰਾ ਕੇ ਸੱਜੇ ਪਾਸੇ ਪਲਟ ਗਿਆ। ਇਸ ਤੋਂ ਬਾਅਦ ਉਹ ਇਨੋਵਾ ਕਾਰ 'ਤੇ ਡਿੱਗ ਗਿਆ ਜਿਸ 'ਚ 6 ਯਾਤਰੀ ਸਵਾਰ ਸਨ। 

ਮਲਿਕ ਨੇ ਕਿਹਾ,''ਟਰੱਕ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਟਰੱਕ ਮੱਕੀ ਨਾਲ ਲੱਦਿਆ ਹੋਇਆ ਸੀ। ਸਾਡੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।'' ਮ੍ਰਿਤਕਾਂ ਦੀ ਪਛਾਣ ਕਾਰ ਡਰਾਈਵਰ ਦੀਪਕ (25) ਵਾਸੀ ਗਾਜ਼ੀਪੁਰ ਉੱਤਰ ਪ੍ਰਦੇਸ਼, ਆਦਰਸ਼ ਕੁਮਾਰ (23) ਵਾਸੀ ਮੇਰਠ, ਕੁਮਾਰ ਪੁਤਿਜਾ (25) ਵਾਸੀ ਬੈਂਗਲੁਰੂ ਅਤੇ ਮੁਸਕਾਨ ਤਿਵਾੜੀ (24) ਵਾਸੀ ਕੋਲਕਾਤਾ ਵਜੋਂ ਹੋਈ ਹੈ। ਕੋਲਕਾਤਾ ਦੀ ਪ੍ਰਿਯੰਕਾ ਸੁਲਤਾਨੀਆ (22) ਅਤੇ ਪੰਜਾਬ ਦੇ ਪਟਿਆਲਾ ਦੇ ਜਸਨੂਰ ਸਿੰਘ (27) ਜ਼ਖਮੀ ਹਨ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲਸ ਨੇ ਦੱਸਿਆ ਕਿ ਸਾਰੇ ਯਾਤਰੀ ਨੋਇਡਾ ਵਿਚ ਰਹਿੰਦੇ ਸਨ ਅਤੇ ਕੰਮ ਕਰਦੇ ਸਨ।


author

DIsha

Content Editor

Related News