ਕਸ਼ਮੀਰ : ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਨਾਲ 4 ਜਵਾਨ ਸ਼ਹੀਦ

12/04/2019 2:52:09 PM

ਸ਼੍ਰੀਨਗਰ (ਭਾਸ਼ਾ)— ਉੱਤਰੀ ਕਸ਼ਮੀਰ 'ਚ ਕੰਟਰੋਲ ਰੇਖਾ ਦੇ ਨੇੜੇ ਬਰਫੀਲੇ ਤੂਫਾਨ ਦੀਆਂ ਦੋ ਵੱਖ-ਵੱਖ ਘਟਨਾਵਾਂ 'ਚ 4 ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਬੁੱਧਵਾਰ ਭਾਵ ਅੱਜ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਪਵਾੜਾ ਜ਼ਿਲੇ ਦੇ ਤੰਗਧਾਰ ਇਲਾਕੇ ਵਿਚ ਮੰਗਲਵਾਰ ਦੀ ਦੁਪਹਿਰ ਨੂੰ ਇਕ ਚੌਕੀ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਈ, ਜਿਸ ਵਿਚ 4 ਜਵਾਨ ਲਾਪਤਾ ਦੱਸੇ ਜਾ ਰਹੇ ਸਨ। ਲਾਪਤਾ ਜਵਾਨਾਂ ਦੀ ਭਾਲ 'ਚ ਫੌਜ ਨੂੰ ਲਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ 3 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਦਕਿ ਇਕ ਜਵਾਨ ਨੂੰ ਜਿਊਂਦਾ ਬਚਾਇਆ ਗਿਆ।

ਇਕ ਹੋਰ ਘਟਨਾ ਵਿਚ ਬਾਂਦੀਪੁਰਾ ਜ਼ਿਲੇ ਵਿਚ ਗੁਰੇਜ ਸੈਕਟਰ ਦੇ ਦਾਵਰ ਇਲਾਕੇ ਵਿਚ ਫੌਜ ਦਾ ਪੈਦਲ ਗਸ਼ਤੀ ਦਲ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਿਆ, ਜਿਸ 'ਚ 2 ਜਵਾਨ ਫਸ ਗਏ। ਇਨ੍ਹਾਂ 'ਚੋਂ ਇਕ ਨੂੰ ਜਿਊਂਦਾ ਬਚਾ ਲਿਆ ਗਿਆ, ਜਦਕਿ ਦੂਜੇ ਜਵਾਨ ਦੀ ਲਾਸ਼ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 18 ਨਵੰਬਰ ਨੂੰ ਸਿਆਚਿਨ ਗਲੇਸ਼ੀਅਰ 'ਚ ਆਏ ਬਰਫੀਲੇ ਤੂਫਾਨ ਕਾਰਨ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚੋਂ 3 ਪੰਜਾਬ ਦੇ ਸਨ। ਸਿਆਚਿਨ ਗਲੇਸ਼ੀਅਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਮੰਨਿਆ ਜਾਂਦਾ ਹੈ।


Tanu

Content Editor

Related News